
ਅਕਾਲੀ ਦਲ ਤੇ ਕਾਂਗਰਸ ਨੂੰ ਝਟਕਾ: ਸੀਨੀਅਰ ਆਗੂਆਂ ਨੇ ਹੱਥ ਵਿੱਚ ਝਾੜੂ ਚੁੱਕਿਆ
ਕਾਂਗਰਸ ਤੇ ਅਕਾਲੀ ਦਲ ਛੱਡਣ ਵਾਲੇ ਆਗੂਆਂ ਨੇ ਕੁਲਵੰਤ ਸਿੰਘ ਨਾਲ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬੀਸੀ ਵਿੰਗ) ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਅਤੇ ਮਹਿਲਾ ਕਾਂਗਰਸ ਦੀ ਸੀਨੀਅਰ ਆਗੂ ਪ੍ਰਭਜੋਤ ਕੌਰ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਦੋਵੇਂ ਆਗੂਆਂ ਨੇ ਕੁਲਵੰਤ ਸਿੰਘ ਨਾਲ ਮਿਲ ਕੇ ਫੇਜ਼-4 ਸਮੇਤ ਹੋਰਨਾਂ ਥਾਵਾਂ ’ਤੇ ਘਰ-ਘਰ ਜਾ ਕੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਇਸ ਤੋਂ ਪਹਿਲਾਂ ਕੁਲਵੰਤ ਸਿੰਘ ਆਪਣੇ ਸਮਰਥਕਾਂ ਸਮੇਤ ਫੇਜ਼-4 ਸਥਿਤ ਗੁਰਮੁੱਖ ਸਿੰਘ ਸੋਹਲ ਦੇ ਘਰ ਪਹੁੰਚੇ ਅਤੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਉਕਤ ਦੋਵੇਂ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਵਿੱਚ ਉਨ੍ਹਾਂ ਦਾ ਕਿਸੇ ਉਮੀਦਵਾਰ ਨਾਲ ਕੋਈ ਮੁਕਾਬਲਾ ਨਹੀਂ ਹੈ ਬਲਕਿ ਉਹ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਅਤੇ ਗੁੰਡਾਗਰਦੀ ਖ਼ਤਮ ਕਰਨ ਲਈ ਲੋਕਾਂ ਦੀ ਲੜਾਈ ਲੜ ਰਹੇ ਹਨ ਅਤੇ ਮੇਅਰ ਵਜੋਂ ਸ਼ਹਿਰ ਦੇ ਕੀਤੇ ਸਰਬਪੱਖੀ ਵਿਕਾਸ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ।
ਇਸ ਮੌਕੇ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਫ਼ਾਦਾਰ ਵਰਕਰਾਂ ਦੀ ਹੁਣ ਪੁੱਛ ਪ੍ਰਤੀਤ ਨਹੀਂ ਰਹੀ ਬਲਕਿ ਚਾਪਲੂਸਾਂ ਅਤੇ ਦਗਾਬਾਜ ਆਗੂਆਂ ਦਾ ਬੋਲਬਾਲਾ ਹੈ। ਜਿਸ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਘੁਟਣ ਜਿਹੀ ਮਹਿਸੂਸ ਕਰ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰ ਤੋਂ ਅਸਤੀਫ਼ਾ ਦਿੱਤਾ ਸੀ। ਹਾਲਾਂਕਿ ਉਹ ਸਰਗਰਮ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ ਸੀ ਪਰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਸ਼ਖ਼ਸੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਚੋਣਾਂ ਵਿੱਚ ‘ਆਪ’ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ।
ਇੰਜ ਹੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਪ੍ਰਭਜੋਤ ਕੌਰ ਨੇ ਕਿਹਾ ਕਿ ਕਾਂਗਰਸ ਵਿੱਚ ਅੌਰਤਾਂ ਸੁਰੱਖਿਅਤ ਨਹੀਂ ਹਨ। ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ ਬਲਕਿ ਸਾਰਾ ਸਮਾਂ ਕੁਰਸੀ ਪਿੱਛੇ ਲੜਦੇ ਰਹੇ। ਜਿਸ ਕਾਰਨ ਪੰਜਾਬ ਦੇ ਹਾਲਾਤ ਬਦਤਰ ਬਣ ਚੁੱਕੇ ਹਨ ਅਤੇ ਹੁਕਮਰਾਨਾਂ ਨੇ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣਾ ਹੀ ਠੀ ਸਮਝਿਆ।
ਇਸ ਮੌਕੇ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, ਗੋਵਿੰਦਰ ਮਿੱਤਲ, ਪ੍ਰਭਜੋਤ ਸਿੰਘ ਬੋਪਾਰਾਏ, ਅਮਰਦੀਪ ਕੌਰ, ਆਜ਼ਾਦ ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਕਸ਼ਮੀਰ ਕੌਰ, ਅਕਵਿੰਦਰ ਸਿੰਘ ਗੋਸਲ, ਹਰਬਿੰਦਰ ਸਿੰਘ ਸੈਣੀ, ਹਰਭਜਨ ਸਿੰਘ, ਗੁਰਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਰੀਕ ਸਿੰਘ, ਸੁਸ਼ੀਲ ਗੁਪਤਾ, ਗੁਰਵਿੰਦਰ ਸਿੰਘ, ਜਥੇਦਾਰ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਦਿਆਲ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਰਤਨ ਸਿੰਘ, ਦਲਵੀਰ ਸਿੰਘ, ਹਰਜਿੰਦਰ ਸਿੰਘ, ਹਰਿੰਦਰ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ (ਸਾਰੇ ਵਾਸੀ ਫੇਜ਼-4) ਵੀ ਹਾਜ਼ਰ ਸਨ।