ਗੋਲੀ ਕਾਂਡ: ਬਾਦਲ ਪਿਉ-ਪੁੱਤ ਤੇ ਸੁਮੇਧ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇ: ਰੰਧਾਵਾ

ਜੇਕਰ ਵੱਡੇ ਬਾਦਲ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਫਿਰ ਕੀ ਸੁਖਬੀਰ ਦੇ ਹੁਕਮਾਂ ਉੱਤੇ ਗੋਲੀ ਚੱਲੀ?
ਕੈਪਟਨ ਅਮਰਿੰਦਰ ਸਿੰਘ ਨੂੰ ਸਰਟੀਫ਼ਿਕੇਟ ਦੇਣ ਵਾਲੇ ਅਖੌਤੀ ਪੰਥਕ ਆਗੂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ
ਵਿਧਾਨ ਸਭਾ ਵਿੱਚ ਵਾਕ-ਆਊਟ ’ਤੇ ਸੁਖਬੀਰ ਦੇ ਬਿਆਨ ਨੇ ਅਕਾਲੀਆਂ ਦਾ ਦੋਹਰਾ ਮਾਪਦੰਡ ਨੰਗਾ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਸਤੰਬਰ:
ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਦੀ ਘਟਨਾ ਉਪਰੰਤ ਰੋਸ ਪ੍ਰਦਰਸ਼ਨ ਕਰ ਰਹੇ ਬੇਕਸੂਰ ਸਿੱਖਾਂ ਉਤੇ ਉਨ੍ਹਾਂ ਵੱਲੋਂ ਗੋਲੀ ਨਾ ਚਲਾਉਣ ਦੇ ਦਿੱਤੇ ਹੁਕਮ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਹ ਸਪੱਸ਼ਟ ਕਰਨ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਗੋਲੀ ਚਲਾਉਣ ਦੇ ਹੁਕਮ ਜੇਕਰ ਉਨ੍ਹਾਂ ਨੇ ਨਹੀਂ ਦਿੱਤੇ ਸਨ ਤਾਂ ਕਿ ਇਹ ਹੁਕਮ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਡੀਜੀਪੀ ਸੁਮੇਧ ਸੈਣੀ ਨੇ ਦਿੱਤੇ ਸਨ?
ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰੀ ਰੰਧਾਵਾ ਨੇ ਕਿਹਾ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। ਇਸ ਗੱਲ ਦਾ ਪਤਾ ਲਗਾਉਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨੀ ਬਣਦੀ ਹੈ। ਉਨ੍ਹਾਂ ਵੱਡੇ ਬਾਦਲ ਨੂੰ ਸਵਾਲ ਕੀਤਾ ਕਿ ਕਿਹਾ ਕਿ ਜੇਕਰ ਗੋਲੀ ਚਲਾਉਣ ਦੇ ਹੁਕਮ ਉਸ ਵੇਲੇ ਦੇ ਮੁੱਖ ਮੰਤਰੀ ਨੇ ਨਹੀਂ ਦਿੱਤੇ ਸਨ ਤਾਂ ਫਿਰ ਕਿਸ ਦੇ ਹੁਕਮਾਂ ਨਾਲ ਗੋਲੀ ਚਲਾਈ ਗਈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਦੀ ਅੱਧੀ ਰਾਤ ਨੂੰ ਫਰੀਦਕੋਟ ਪ੍ਰਸ਼ਾਸਨ ਤੇ ਡੀਜੀਪੀ ਨਾਲ ਗੱਲਬਾਤ ਹੁੰਦੀ ਹੈ ਪਰ ਉਹ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੰਦੇ ਤਾਂ ਵੀ ਪੁਲੀਸ ਵੱਲੋਂ ਨਿਰਦੋਸ਼ ਸਿੱਖਾਂ ਉਤੇ ਗੋਲੀ ਚਲਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਆਪਣੇ ਪੁੱਤਰ ਜੋ ਉਸ ਵੇਲੇ ਦੇ ਗ੍ਰਹਿ ਮੰਤਰੀ ਸਨ, ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਗੋਲੀ ਉਨ੍ਹਾਂ ਦੇ ਹੁਕਮਾਂ ਉਤੇ ਤਾਂ ਨਹੀਂ ਚਲਾਈ ਗਈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿੰਨੇ ਵੱਡੇ ਸਿੱਖ ਹਨ, ਇਸ ਲਈ ਅਖੌਤੀ ਪੰਥਕ ਅਕਾਲੀਆਂ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਿੱਖੀ ਵਿੱਚ ਆਸਥਾ ਕੁੱਲ ਦੁਨੀਆਂ ਜਾਣਦੀ ਹੈ ਅਤੇ ਦੂਜੇ ਪਾਸੇ ਬਾਦਲ ਪਰਿਵਾਰ ਵੱਲੋਂ ਸਿੱਖ ਪੰਥ ਨੂੰ ਖੋਖਲਾ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਤੋਂ ਸਾਰ ਪੰਜਾਬ ਵਾਕਫ਼ ਹੈ।ਕੁਝ ਬੋਲਣ ਤੋਂ ਪਹਿਲਾ ਬਾਦਲ ਪਰਿਵਾਰ ਆਪਣੀ ਪੀੜੀ ਹੇਠਾਂ ਸੋਟਾ ਫੇਰੇ। ਸ੍ਰੀ ਰੰਧਾਵਾ ਨੇ ਅੱਜ ਦੇ ਮੀਡੀਆ ਵਿੱਚ ਸੁਖਬੀਰ ਬਾਦਲ ਦੇ ਉਸ ਛਪੇ ਬਿਆਨ ਉਤੇ ਵੀ ਅਕਾਲੀ ਦਲ ਤੋਂ ਸਪੱਸ਼ਟੀਕਰਨ ਮੰਗਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਉੱਤੇ ਬਹਿਸ ਦੌਰਾਨ ਵਾਕ ਆਊਟ ਕਰਨ ਦਾ ਫ਼ੈਸਲਾ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਬਿਆਨ ਤੋਂ ਅਕਾਲੀ ਦਲ ਦੇ ਦੋਹਰੇ ਮਾਪਦੰਡ ਸਾਹਮਣੇ ਆਉਂਦੇ ਹਨ ਕਿ ਵਿਧਾਨ ਸਭਾ ਵਿੱਚ ਤਾਂ ਅਕਾਲੀ ਦਲ ਵੱਲੋਂ ਵਾਕਆਊਟ ਕਰਨ ਦਾ ਫੈਸਲੇ ਦੇ ਪਿੱਛੇ ਉਨ੍ਹਾਂ ਨੂੰ ਬਹਿਸ ਵਿੱਚ ਬੋਲਣ ਲਈ ਮਿਲੇ ਘੱਟ ਸਮੇਂ ਨੂੰ ਦੱਸ ਰਹੇ ਸਨ ਜਦੋਂਕਿ ਹੁਣ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਵਾਕਆਊਟ ਦਾ ਫ਼ੈਸਲਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੇ ਕੀਤੇ ਬੱਜਰ ਗੁਨਾਹਾਂ ਕਾਰਨ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋ ਰਹੀ ਹੈ ਅਤੇ ਉਹ ਸਦਨ ਦੇ ਅੰਦਰ ਅਤੇ ਬਾਹਰ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਝੂਠੇ ਬਿਆਨਾਂ ਨਾਲ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਉਪਰ ਸੂਬੇ ਦੇ ਲੋਕ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…