
ਗਾਣੇ ਦੀ ਸ਼ੂਟਿੰਗ ਦੌਰਾਨ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਬੈਸਮੈਂਟ ’ਚੋਂ ਮਿਲੀ ਲਾਸ਼
ਸੋਮਵਾਰ ਤੋਂ ਲਾਪਤਾ ਸੀ ਮ੍ਰਿਤਕ ਨੌਜਵਾਨ ਮਨਜੋਤ ਸਿੰਘ, ਬਲੌਂਗੀ ਥਾਣੇ ਵਿੱਚ ਧਾਰਾ 174 ਤਹਿਤ ਡੀਡੀਆਰ ਦਰਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਨੇੜੇ ਉਸਾਰੀ ਅਧੀਨ ਮਾਲ ਦੀ ਬੇਸਮੈਂਟ (ਵਾਹਨ ਪਾਰਕਿੰਗ) ’ਚੋਂ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਜੋਤ ਸਿੰਘ ਪੁੱਤਰ ਦਲਜੀਤ ਸਿੰਘ (24) ਵਾਸੀ ਖ਼ਿਜ਼ਰਾਬਾਦ (ਜ਼ਿਲ੍ਹਾ ਮੁਹਾਲੀ) ਵਜੋਂ ਹੋਈ ਹੈ। ਨੌਜਵਾਨ ਦੇ ਮਾਪਿਆਂ ਨੇ ਕਤਲ ਦੀ ਸ਼ੰਕਾ ਜਤਾਈ ਹੈ।
ਸੂਚਨਾ ਮਿਲਦੇ ਹੀ ਬਲੌਂਗੀ ਥਾਣਾ ਦੇ ਐਸਐਚਓ ਪੀਐਸ ਗਰੇਵਾਲ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਜੋਤ ਸਿੰਘ ਸੋਮਵਾਰ ਤੋਂ ਲਾਪਤਾ ਸੀ। ਇਨੀ ਦਿਨੀਂ ਬਲੌਂਗੀ ਦੇ ਉਕਤ ਮਾਲ ਵਿੱਚ ਗਾਣਿਆਂ ਦੀ ਸ਼ੂਟਿੰਗ ਚੱਲ ਰਹੀ ਹੈ। ਜਿੱਥੇ ਮਨਜੋਤ ਵੀ ਕੰਮ ਕਰਨ ਆਇਆ ਹੋਇਆ ਸੀ। ਉਸ ਨੂੰ ਗੋਲਡੀ ਨਾਂ ਦੇ ਵਿਅਕਤੀ ਨੇ ਦਿੱਲੀ ਦੀ ਇੱਕ ਕੰਪਨੀ ਲਈ ਹਾਇਰ ਕੀਤਾ ਸੀ। ਗੋਲਡੀ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਘਟਨਾ ਤੋਂ ਬਾਅਦ ਉਸ ਦਾ ਮੋਬਾਈਲ ਵੀ ਬੰਦ ਆ ਰਿਹਾ ਹੈ। ਸ਼ੂਟਿੰਗ ਦੇ ਸੈੱਟ ’ਤੇ ਮਨਜੋਤ ਨਾਲ ਕੰਮ ਕਰਦੇ ਉਸ ਦੇ ਇੱਕ ਸਾਥੀ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਕਰੀਬ ਡੇਢ ਮਨਜੋਤ ਗੋਲਡੀ ਤੋਂ ਪੈਸੇ ਲੈਣ ਲਈ ਮਾਲ ਤੋਂ ਥੱਲੇ ਆਇਆ ਸੀ ਪਰ ਵਾਪਸ ਕੰਮ ’ਤੇ ਨਹੀਂ ਪਰਤਿਆ। ਉਸ ਨੇ ਦੱਸਿਆ ਕਿ ਉਸ ਨੇ ਸਵਾ ਦੋ ਵਜੇ ਦੁਬਾਰਾ ਮਨਜੋਤ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਅੱਜ ਸਵੇਰੇ ਉਸ ਦੀ ਲਾਸ਼ ਮਾਲ ਦੀ ਬੇਸਮੈਂਟ ’ਚੋਂ ਬਰਾਮਦ ਕੀਤੀ ਗਈ।
ਥਾਣਾ ਮੁਖੀ ਪੀਐਸ ਗਰੇਵਾਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮਾਪਿਆਂ ਦੇ ਬਿਆਨਾਂ ’ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਸੈੱਟ ’ਤੇ ਮੌਜੂਦ ਵਿਅਕਤੀਆਂ ਨੂੰ ਥਾਣੇ ਸੱਦ ਕੇ ਬਿਆਨ ਲਏ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ਼ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।