ਮੁਹਾਲੀ ਵਿੱਚ ਨਿਯਮਾਂ ਦੇ ਖ਼ਿਲਾਫ਼ ਆਮ ਦਿਨਾਂ ਵਾਂਗ ਖੁੱਲ੍ਹੀਆਂ ਦੁਕਾਨਾਂ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਵਪਾਰ ਮੰਡਲ ਮੁਹਾਲੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਬੈਠ ਕੇ ਵਿਚਲਾ ਰਸਤਾ ਕੱਢਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਕਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਹਫ਼ਤਾਵਾਰੀ (ਸਨਿੱਚਰਵਾਰ ਅਤੇ ਐਤਵਾਰ) ਦੋ ਦਿਨ ਮੁਕੰਮਲ ਲੌਕਡਾਊਨ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ ਪ੍ਰੰਤੂ ਇਸ ਦੇ ਉਲਟ ਛੋਟੇ ਵਪਾਰੀ ਆਪਣੀਆਂ ਦੁਕਾਨਾਂ ਖੋਲ੍ਹਣ ’ਤੇ ਅੜੇ ਹੋਏ ਹਨ। ਹਫ਼ਤਾਵਾਰੀ ਲੌਕਡਾਊਨ ਦੇ ਚੱਲਦਿਆਂ ਮੁਹਾਲੀ ਵਿੱਚ ਅੱਜ ਸਨਿੱਚਰਵਾਰ ਨੂੰ ਆਮ ਦਿਨਾਂ ਵਾਂਗ ਬਾਜ਼ਾਰ ਖੁੱਲ੍ਹੇ ਰਹੇ। ਇਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣ ਕਰਨ ਅਤੇ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਲੇਕਿਨ ਦੁਕਾਨਦਾਰਾਂ ਨੇ ਪੁਲੀਸ ਦੀ ਇਕ ਨਹੀਂ ਸੁਣੀ। ਉਂਜ ਕਈ ਮਾਰਕੀਟਾਂ ਵਿੱਚ ਇਕਾ ਦੂਜਾ ਦੁਕਾਨਾਂ ਬੰਦ ਵੀ ਦੇਖੀਆਂ ਗਈਆਂ।
ਉਧਰ, ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਗਾਵਤ ਕਰਨ ਦੇ ਹੱਕ ਵਿੱਚ ਨਹੀਂ ਹਨ ਪ੍ਰੰਤੂ ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਇੱਕ ਤੋਂ ਬਾਅਦ ਇੱਕ ਪਾਬੰਦੀਆਂ ਲਗਾ ਕੇ ਛੋਟੇ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਸ ਕਾਰਨ ਦੁਕਾਨਦਾਰ ਆਰਥਿਕ ਪੱਖੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਹੁਣ ਆਪਣੇ ਪਰਿਵਾਰਾਂ ਦਾ ਖਰਚਾ ਚੁੱਕਣ ਲਈ ਉਨ੍ਹਾਂ ਹੋਰ ਕੋਈ ਰਸਤਾ ਵੀ ਨਹੀਂ ਹੈ।
ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਗੱਲ ਕਰਕੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਿਚਲਾ ਰਸਤਾ ਕੱਢਿਆ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਜੇਕਰ ਪ੍ਰਸ਼ਾਸਨ ਥੋੜ੍ਹੀ ਨਰਮੀ ਵਰਤੇ ਤਾਂ ਦੁਕਾਨਦਾਰ ਵੀ ਸਹਿਯੋਗ ਲਈ ਤਿਆਰ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਦੁਕਾਨਦਾਰਾਂ ਨੂੰ ਸਨਿੱਚਰਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਜਾਂ ਸਨਿੱਚਰਵਾਰ ਅਤੇ ਐਤਵਾਰ ਦੋਵੇਂ ਦਿਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸੋਮਵਾਰ ਨੂੰ ਇਕ ਦਿਨ ਦੁਕਾਨਾਂ ਬੰਦ ਰੱਖੀਆਂ ਜਾਣ।
(ਬਾਕਸ ਆਈਟਮ)
ਮੁਹਾਲੀ ਵਿੱਚ ਜ਼ਿਆਦਾਤਰ ਨੌਕਰੀਪੇਸ਼ਾ ਲੋਕ ਰਹਿੰਦੇ ਹਨ ਅਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਦਫ਼ਤਰਾਂ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ ਅਤੇ ਇਨ੍ਹਾਂ ਦੋਵੇਂ ਦਿਨਾਂ ਵਿੱਚ ਨਾਗਰਿਕ ਖਰੀਦਦਾਰੀ ਕਰਨ ਬਾਜ਼ਾਰ ਆਉਂਦੇ ਹਨ ਪ੍ਰੰਤੂ ਜੇਕਰ ਇਹ ਦੋਵੇਂ ਦਿਨ ਬਾਜ਼ਾਰ ਬੰਦ ਹੋਣਗੇ ਤਾਂ ਦੁਕਾਨਦਾਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਚਲਾਉਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰੋਜ਼ਾਨਾ ਸ਼ਾਮ ਨੂੰ ਸਾਢੇ 6 ਵਜੇ ਦੁਕਾਨਾਂ ਬੰਦ ਕਰਨ ਦੇ ਹੁਕਮ ਵਾਪਸ ਲੈ ਕੇ ਰਾਤ 9 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਸਵੇਰੇ ਭਾਵੇਂ ਦੁਕਾਨਾਂ ਲੇਟ ਖੋਲ੍ਹਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…