Nabaz-e-punjab.com

ਮਾਰਕੀਟ ਵਿੱਚ ਸੀਵਰੇਜ ਜਾਮ ਹੋਣ ਕਾਰਨ ਦੁਕਾਨਦਾਰ ਡਾਢੇ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਦੇ ਦੁਕਾਨਦਾਰ ਸੀਵਰੇਜ ਲਾਈਨ ਜਾਮ ਹੋਣ ਦੀ ਸਮੱਸਿਆ ਤੋਂ ਡਾਢੇ ਤੰਗ ਪ੍ਰੇਸ਼ਾਨ ਹਨ। ਮਾਰਕੀਟ ਦੇ ਪਿਛਲੇ ਪਾਸੇ ਸੀਵਰੇਜ ਦੀ ਲਾਈਨ ਕੁਝ ਦਿਨਾਂ ਬਾਅਦ ਬੰਦ ਹੋ ਜਾਂਦੀ ਹੈ। ਜਿਸ ਕਾਰਨ ਗੰਦਾ ਪਾਣੀ ਦੁਕਾਨਾਂ ਦੇ ਪਿੱਛੇ ਪਾਰਕਿੰਗ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ੋਅਰੂਮਾਂ ਦੀਆਂ ਬੇਸਮੈਂਟਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਜਿਸ ਕਾਰਨ ਪੂਰੀ ਮਾਰਕੀਟ ਵਿੱਚ ਬਦਬੂ ਫੈਲ ਰਹੀ ਹੈ ਅਤੇ ਇੱਥੇ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਮਾਰਕੀਟ ਲਈ ਪਾਈ ਸੀਵਰੇਜ ਦੀ ਨਿਕਾਸੀ ਲਾਈਨ ਕਾਫੀ ਛੋਟੀ ਹੈ। ਪਹਿਲਾਂ ਦੁਕਾਨਾਂ ਘੱਟ ਸਨ ਅਤੇ ਉਦੋਂ ਕੰਮ ਚਲ ਜਾਂਦਾ ਸੀ ਪ੍ਰੰਤੂ ਮੌਜੂਦਾ ਸਮੇਂ ਵਿੱਚ ਮਾਰਕੀਟ ਵਿੱਚ ਲਗਭਗ ਸਾਰੇ ਸ਼ੋਅਰੂਮ ਚਾਰ ਮੰਜ਼ਿਲਾਂ ਬਣ ਗਏ ਹਨ ਅਤੇ ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇੰਸਟੀਚਿਊਟ ਖੋਲ੍ਹਣ ਅਤੇ ਕਾਰੋਬਾਰ ਚਲਾਉਣ ਕਾਰਨ ਵਿਦਿਆਰਥੀਆਂ ਅਤੇ ਆਮ ਗਾਹਕਾਂ ਦੀ ਆਮਦ ਵੀ ਕਾਫੀ ਵਧ ਗਈ ਹੈ। ਇਸ ਤੋਂ ਇਲਾਵਾ ਮਾਰਕੀਟ ਵਿੱਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਕਈ ਦੁਕਾਨਾਂ (ਢਾਬੇ ਅਤੇ ਹਲਵਾਈ) ਹਨ ਅਤੇ ਇਨ੍ਹਾਂ ’ਚੋਂ ਕੁਝ ਢਾਬੇ ਵਾਲੇ ਰਹਿੰਦ ਖੂੰਹਦ ਨੂੰ ਸੀਵਰੇਜ ਲਾਈਨ ਵਿੱਚ ਸੁੱਟ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਸੀਵਰੇਜ ਲਾਈਨ ਦੀ ਸਫ਼ਾਈ ਕਰਨ ਲਈ ਨਗਰ ਨਿਗਮ ਦੀ ਟੀਮ ਆਉਂਦੀ ਹੈ ਤਾਂ ਸੀਵਰੇਜ ਦੀ ਲਾਈਨ ’ਚੋਂ ਸਬਜ਼ੀਆਂ ਅਤੇ ਖਾਣੇ ਦੀ ਰਹਿੰਦ ਖੰੂਹਦ, ਪਲਾਸਟਿਕ ਅਤੇ ਚਿਕਨਾਈ ਬਹੁਤ ਜ਼ਿਆਦਾ ਨਿਕਲਦੀ ਹੈ। ਜਿਸ ਕਾਰਨ ਸੀਵਰੇਜ ਜਾਮ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਵੇਂ ਨਗਰ ਨਿਗਮ ਵੱਲੋਂ ਢਾਬੇ ਵਾਲਿਆਂ ਨੂੰ ਨੋਟਿਸ ਵੀ ਦਿੱਤੇ ਗਏ ਸਨ ਪ੍ਰੰਤੂ ਇਹ ਸਮੱਸਿਆ ਜਿਊਂ ਦੀ ਤਿਊਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਢਾਬੇ ਵਾਲੇ ਕਿਉਂਕਿ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਵਗਾਰ ਕਰਦੇ ਹਨ। ਇਸ ਕਾਰਨ ਇਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸੀਵੇਰਜ ਜਾਮ ਦੀ ਸਮੱਸਿਆ ਦੇ ਪੱਕੇ ਹੱਲ ਲਈ ਇੱਥੇ ਸੀਵਰੇਜ ਦੀ ਵੱਡੀ ਲਾਈਨ ਪਾਈ ਜਾਵੇ ਤਾਂ ਜੋ ਆਏ ਦਿਨ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…