Nabaz-e-punjab.com

ਮੁਹਾਲੀ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਆਮ ਦਿਨਾਂ ਵਾਂਗ ਦੁਕਾਨਾਂ ਖੋਲ੍ਹਣ ਦੀ ਜ਼ਿੱਦ ’ਤੇ ਅੜੇ ਦੁਕਾਨਦਾਰ

ਵਪਾਰ ਮੰਡਲ ਮੁਹਾਲੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਬੈਠ ਕੇ ਵਿਚਲਾ ਰਸਤਾ ਕੱਢਣ ’ਤੇ ਜ਼ੋਰ

ਡੀਸੀ ਦੇ ਆਪਣੇ ਘਰ ਇਕਾਂਤਵਾਸ ਤੇ ਐਸਡੀਐਮ ਮੁੜ ਬਿਮਾਰ ਹੋਣ ਕਾਰਨ ਦੁਕਾਨਦਾਰਾਂ ਦੀ ਨਹੀਂ ਹੋ ਸਕੀ ਮੁਲਾਕਾਤ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਪੰਜਾਬ ਸਮੇਤ ਮੁਹਾਲੀ ਜ਼ਿਲ੍ਹੇ ਕਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸੂਬਾ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਮੁਹਾਲੀ ਵਿੱਚ ਹਫ਼ਤਾਵਾਰੀ ਦੋ ਦਿਨ ਮੁਕੰਮਲ ਲੌਕਡਾਊਨ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ ਪ੍ਰੰਤੂ ਦੂਜੇ ਪਾਸੇ ਮੁਹਾਲੀ ਦੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਖੁੱਲ੍ਹੀ ਬਗਾਵਤ ਦਾ ਝੰਡਾ ਚੁੱਕਦਿਆਂ ਸਨਿੱਚਰਵਾਰ ਅਤੇ ਐਤਵਾਰ ਨੂੰ ਵੀ ਆਮ ਦਿਨਾਂ ਵਾਂਗ ਆਪਣੀਆਂ ਦੁਕਾਨਾਂ ਖੋਲ੍ਹਣ ਅਤੇ ਰੋਜ਼ਾਨਾ ਸ਼ਾਮ ਨੂੰ ਸਾਢੇ 6 ਵਜੇ ਦੀ ਥਾਂ ਰਾਤ ਨੂੰ 9 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕਰਕੇ ਹੁਕਮਰਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ।
ਅੱਜ ਇੱਥੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਸਨਿੱਚਰਵਾਰ ਅਤੇ ਐਤਵਾਰ ਨੂੰ ਵੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਕਿਉਂਕਿ ਪਰਿਵਾਰਾਂ ਦਾ ਖਰਚਾ ਚੁੱਕਣ ਲਈ ਉਨ੍ਹਾਂ ਹੋਰ ਕੋਈ ਰਸਤਾ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਦੁਕਾਨਦਾਰ ਸਰਕਾਰ ਜਾਂ ਪ੍ਰਸ਼ਾਸਨ ਨਾਲ ਬਗਾਵਤ ਕਰਨ ਦੇ ਹੱਕ ਵਿੱਚ ਨਹੀਂ ਹਨ ਪ੍ਰੰਤੂ ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਛੋਟੇ ਵਪਾਰੀਆਂ ’ਤੇ ਇੱਕ ਤੋਂ ਬਾਅਦ ਇੱਕ ਪਾਬੰਦੀਆਂ ਲਗਾ ਕੇ ਛੋਟੇ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਸ ਕਾਰਨ ਦੁਕਾਨਦਾਰ ਆਰਥਿਕ ਪੱਖੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਜਦੋਂ ਮਰਜ਼ੀ ਚਾਹੇ ਦੁਕਾਨਾਂ ਬੰਦ ਕਰਵਾਉਣ ਦੇ ਤਾਨਾਸ਼ਾਹੀ ਫੁਰਮਾਨ ਜਾਰੀ ਦਿੰਦੀ ਹੈ ਜਦੋਂਕਿ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
ਸ੍ਰੀ ਵਰਮਾ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਮਿਲਣ ਦਾ ਪ੍ਰੋਗਰਾਮ ਸੀ ਪ੍ਰੰਤੂ ਕਰੋਨਾ ਦੇ ਚੱਲਦਿਆਂ ਡੀਸੀ ਆਪਣੇ ਘਰ ਵਿੱਚ ਇਕਾਂਤਵਾਸ ਵਿੱਚ ਹਨ ਜਦੋਂਕਿ ਕਰੋਨਾ ਨੂੰ ਹਰਾਉਣ ਵਾਲੇ ਐਸਡੀਐਮ ਜਗਦੀਪ ਸਹਿਗਲ ਹੁਣ ਦੁਬਾਰਾ ਬਿਮਾਰ ਹੋ ਗਏ ਹਨ। ਐਸਡੀਐਮ ਨੂੰ ਹੁਣ ਡੇਂਗੂ ਹੋ ਗਿਆ ਹੈ ਅਤੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਸਾਰਾ ਕੰਮ ਸੰਭਾਲ ਰਹੇ ਹਨ ਪ੍ਰੰਤੂ ਉਹ ਜ਼ਿਆਦਾ ਰੁੱਝੇ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਸ੍ਰੀ ਵਰਮਾ ਨੇ ਡੀਸੀ ਨਾਲ ਫੋਨ ’ਤੇ ਗੱਲ ਕਰਕੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਿਚਲਾ ਰਸਤਾ ਕੱਢਿਆ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਪ੍ਰਸ਼ਾਸਨ ਥੋੜ੍ਹੀ ਨਰਮੀ ਵਰਤੇ ਤਾਂ ਦੁਕਾਨਦਾਰ ਵੀ ਸਹਿਯੋਗ ਲਈ ਤਿਆਰ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਦੁਕਾਨਦਾਰਾਂ ਨੂੰ ਸਨਿੱਚਰਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਜਾਂ ਸਨਿੱਚਰਵਾਰ ਅਤੇ ਐਤਵਾਰ ਦੋਵੇਂ ਦਿਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸੋਮਵਾਰ ਨੂੰ ਇਕ ਦਿਨ ਦੁਕਾਨਾਂ ਬੰਦ ਰੱਖੀਆਂ ਜਾਣ।
ਸ੍ਰੀ ਵਰਮਾ ਨੇ ਦੱਸਿਆ ਕਿ ਮੁਹਾਲੀ ਵਿੱਚ ਜ਼ਿਆਦਾਤਰ ਨੌਕਰੀਪੇਸ਼ਾ ਲੋਕ ਰਹਿੰਦੇ ਹਨ ਅਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਦਫ਼ਤਰਾਂ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ ਅਤੇ ਇਨ੍ਹਾਂ ਦੋਵੇਂ ਦਿਨਾਂ ਵਿੱਚ ਲੋਕ ਖਰੀਦਦਾਰੀ ਕਰਨ ਬਾਜ਼ਾਰ ਆਉਂਦੇ ਜਾਂਦੇ ਹਨ ਪ੍ਰੰਤੂ ਜੇਕਰ ਇਹ ਦੋਵੇਂ ਦਿਨ ਬਾਜ਼ਾਰ ਬੰਦ ਹੋਣਗੇ ਤਾਂ ਦੁਕਾਨਦਾਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਚਲਾਉਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰੋਜ਼ਾਨਾ ਸ਼ਾਮ ਨੂੰ ਸਾਢੇ 6 ਵਜੇ ਦੁਕਾਨਾਂ ਬੰਦ ਕਰਨ ਦੇ ਹੁਕਮ ਵਾਪਸ ਲੈ ਕੇ ਰਾਤ 9 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਸਵੇਰੇ ਭਾਵੇਂ ਦੁਕਾਨਾਂ ਲੇਟ ਖੋਲ੍ਹਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…