
ਸ਼ਾਮ 6 ਵਜੇ ਦੁਕਾਨਾਂ ਬੰਦ ਕਰਨ ਦੇ ਹੁਕਮਾਂ ਵਿਰੁੱਧ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਨੇ ਵੀ ਮਾਰਿਆ ਹਾਅ ਦਾ ਨਾਅਰਾ
ਦੁਕਾਨਦਾਰਾਂ ਵੱਲੋਂ ਡੀਸੀ ਨਾਲ ਮੁਲਾਕਾਤ ਕਰਕੇ ਰਾਤ 10 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸ਼ਾਮ ਨੂੰ 6 ਵਜੇ ਦੁਕਾਨਾਂ ਬੰਦ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੇ ਖ਼ਿਲਾਫ਼ ਮੁਹਾਲੀ ਦੇ ਦੁਕਾਨਦਾਰ ਅਤੇ ਵਪਾਰ ਮੰਡਲ ਦੇ ਆਗੂ ਸੜਕਾਂ ’ਤੇ ਉਤਰ ਆਏ ਹਨ। ਆਪ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ (ਅਕਾਲੀ ਆਗੂ) ਦੀ ਅਗਵਾਈ ਹੇਠ ਅੱਜ ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਇਕੱਠੇ ਹੋਏ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨਣਗੇ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਦੁਕਾਨਦਾਰਾਂ ਅਤੇ ਵਪਾਰੀ ਵਰਗ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖੇ ਜਾ ਰਹੇ ਹਨ ਅਤੇ ਸ਼ਰਾਬ ਦੇ ਠੇਕੇਦਾਰ ਸ਼ਰੇਆਮ ਚੋਰ ਮੋਰੀ ਰਾਹੀਂ ਸ਼ਰਾਬ ਵੇਚ ਰਹੇ ਹਨ ਪ੍ਰੰਤੂ ਇਸ ਦੇ ਉਲਟ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਕੋਵਿਡ ਨਿਯਮਾਂ ਤਹਿਮਤ ਕਾਰਵਾਈ ਕਰਨ ਦੀ ਘੁਰਕੀ ਦੇ ਕੇ ਡਰਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 6 ਵਜੇ ਤੋਂ ਦੁਕਾਨਾਂ ਬੰਦ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਸ਼ਾਮ ਨੂੰ 6 ਵਜੇ ਦੁਕਾਨਾਂ ਬੰਦ ਨਹੀਂ ਕਰਨਗੇ। ਹਾਲਾਂਕਿ ਦੁਕਾਨਦਾਰਾਂ ਅਤੇ ਪ੍ਰਮੁੱਖ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ 9 ਵਜੇ ਤੱਕ ਦੁਕਾਨਾਂ ਖੁੱਲ੍ਹਦੀਆਂ ਹਨ ਅਤੇ ਮੁਹਾਲੀ ਵਿੱਚ ਲੋਕਾਂ ਨੂੰ ਰਾਤ 10 ਵਜੇ ਤੱਕ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਆਗੂਆਂ ਨੇ ਦੱਸਿਆ ਕਿ ਡੀਸੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਮੰਗ ਨੂੰ ਸਰਕਾਰ ਤੱਕ ਪਹੁੰਚਾਉਣਗੇ। ਵਫ਼ਦ ਵਿੱਚ ਅਕਵਿੰਦਰ ਸਿੰਘ ਗੋਸਲ ਅਤੇ ਰਾਜਪਾਲ ਸਿੰਘ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਦੁਕਾਨਾਂ ਬੰਦ ਕਰਵਾਉਣੀਆਂ ਹਨ ਤਾਂ ਉਨ੍ਹਾਂ ਦੇ ਖ਼ਰਚਿਆਂ ਦੀ ਜ਼ਿੰਮੇਵਾਰੀ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਹੋਏ ਲੌਕਡਾਊਨ ਕਾਰਨ ਵਾਪਰੀ ਵਰਗ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ ਅਤੇ ਹੁਣ ਫਿਰ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਪਸਾਰ ਲਈ ਵਪਾਰੀ ਜ਼ਿੰਮੇਵਾਰ ਨਹੀਂ ਹਨ ਬਲਕਿ ਉਹ ਸਿਆਸੀ ਆਗੂ ਜ਼ਿੰਮੇਵਾਰ ਹਨ, ਜੋ ਰੋਜ਼ਾਨਾ ਰੈਲੀਆਂ ਅਤੇ ਇਕੱਠ ਕਰਦੇ ਹਨ ਪ੍ਰੰਤੂ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ ਹੈ।