ਮੁਹਾਲੀ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਘਰਾਂ ਵਿੱਚ ਖੁੱਲ੍ਹੀਆਂ ਦੁਕਾਨਾਂ ਤੇ ਪਿਛਲੇ ਗੇਟ ਹੋਣਗੇ ਬੰਦ

ਘਰਾਂ ਵਿੱਚ ਖੋਲੀਆਂ ਦੁਕਾਨਾਂ ਬੰਦ ਕਰਵਾਉਣ ਲਈ ਮੇਅਰ ਕੁਲਵੰਤ ਸਿੰਘ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖਿਆ ਸੀ ਪੱਤਰ

ਗਮਾਡਾ ਵੱਲੋਂ ਘਰਾਂ ਦੇ ਪਿਛਲੇ ਵਿਹੜੇ ’ਚੋਂ ਸੜਕ ਵੱਲ ਗੇਟ ਖੋਲ੍ਹਣ ਕੱਢਣ ਵਾਲਿਆਂ ਨੂੰ ਨੋਟਿਸ ਜਾਰੀ, ਲੋਕਾਂ ਵਿੱਚ ਰੋਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਪਣੇ ਮਕਾਨਾਂ ਦੇ ਪਿਛਲੇ ਵਿਹੜੇ ਵਿੱਚੋਂ ਸੜਕ ਵੱਲ ਗੇਟ ਕੱਢਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਇਸ ਸਬੰਧੀ ਅਲਾਟਮੈਂਟ ਰੂਲਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਨਾ ਸਿਰਫ਼ ਹੀ ਘਰ ਜ਼ਬਤ ਹੋ ਸਕਦੇ ਹਨ ਸਗੋਂ ਸਬੰਧਤ ਖ਼ਿਲਾਫ਼ ਕਾਨੂੰਨ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਗਮਾਡਾ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਪਿਛਲੇ ਵਿਹੜੇ ’ਚੋਂ ਗੇਟ ਕੱਢਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਜੇਕਰ ਲੋਕਾਂ ਨੇ 15 ਦਿਨਾਂ ਦੇ ਅੰਦਰ ਅੰਦਰ ਪਿਛਲੇ ਗੇਟ ਬੰਦ ਨਹੀਂ ਕੀਤੇ ਤਾਂ ਗਮਾਡਾ ਵੱਲੋਂ ਗੇਟ ਬੰਦ ਕੀਤੇ ਜਾਣਗੇ ਅਤੇ ਇਸ ਕਾਰਵਾਈ ’ਤੇ ਆਉਣ ਵਾਲਾ ਖ਼ਰਚਾ ਸਬੰਧਤ ਮਕਾਨ ਮਾਲਕ ਤੋਂ ਵਸੂਲਿਆ ਜਾਵੇਗਾ।
ਅਗਲੇ ਪੜਾਅ ਵਿੱਚ ਗਮਾਡਾ ਵੱਲੋਂ ਘਰਾਂ ਵਿੱਚ ਚੱਲਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਗਤੀਵਿਧੀਆਂ ਅਤੇ ਦਫ਼ਤਰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਇਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ। ਉਂਜ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਸਖ਼ਤ ਫੈਸਲੇ ਲਏ ਜਾਂਦੇ ਰਹੇ ਹਨ ਲੇਕਿਨ ਹਰ ਵਾਰੀ ਅਧਿਕਾਰੀਆਂ ’ਤੇ ਸਿਆਸਤ ਭਾਰੂ ਪੈਂਦੀ ਰਹੀ ਹੈ। ਇਸ ਕਾਰਵਾਈ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਬਹੁਤ ਸਾਰੇ ਲੋਕਾਂ ਵੱਲੋਂ ਨਿਯਮਾਂ ਦੇ ਖ਼ਿਲਾਫ਼ ਘਰਾਂ ਦੇ ਪਿਛਲੇ ਪਾਸਿਓਂ ਗੇਟ ਕੱਢੇ ਗਏ ਹਨ ਅਤੇ ਸ਼ਰ੍ਹੇਆਮ ਘਰਾਂ ਵਿੱਚ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਅਤੇ ਧੜੱਲੇ ਨਾਲ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁੱਝ ਸਮਾਂ ਪਹਿਲਾਂ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਘਰਾਂ ਵਿੱਚ ਚੱਲਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਸੀ। ਮੇਅਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਇਹੀ ਨਹੀਂ ਸਬੰਧਤ ਲੋਕਾਂ ਵੱਲੋਂ ਦੁਕਾਨਾਂ ਦੇ ਬਾਹਰ ਸੜਕਾਂ ਤੱਕ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਤਰ੍ਹਾਂ ਕਰਨ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਗੁਆਂਢ ਵਿੱਚ ਰਹਿੰਦੇ ਵਸਨੀਕਾਂ ਨੂੰ ਕਾਫੀ ਦਿੱਕਤਾਂ ਹੋਣ ਕਰਕੇ ਲੜਾਈ ਝਗੜੇ ਵੀ ਹੁੰਦੇ ਹਨ। ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਵੱਲੋਂ ਅਲਾਟਮੈਂਟ ਦੇ ਰੂਲਾਂ ਦੀ ਵੀ ਉਲੰਘਣਾ ਕੀਤੀ ਹੋਈ ਹੈ। ਉਨ੍ਹਾਂ ਗਮਾਡਾ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਇਸ ਸਬੰਧੀ ਤੁਰੰਤ ਸਰਵੇ ਕਰਕੇ ਘਰਾਂ ਵਿੱਚ ਚੱਲਦੀਆਂ ਦੁਕਾਨਾਂ ਬੰਦ ਕਰਵਾਈਆਂ ਅਤੇ ਸਬੰਧਤ ਸਮਾਨ ਨੂੰ ਕਬਜ਼ੇ ਵਿੱਚ ਲਿਆ ਜਾਵੇ।
ਉਧਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੇ ‘ਨਬਜ਼-ਏ-ਪੰਜਾਬ ਡਾਟਕਾਮ’ ਨੂੰ ਦੱਸਿਆ ਕਿ ਹਾਲ ਹੀ ਵਿੱਚ ਗਮਾਡਾ ਵੱਲੋਂ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਆਪਣੇ ਘਰਾਂ ਦੇ ਪਿਛਲੇ ਵਿਹੜਿਆਂ ’ਚੋਂ ਸੜਕ ਵੱਲ ਗੇਟ ਕੱਢੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਨਿਯਮਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਨੋਟਿਸ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ ਅੰਦਰ ਆਪਣੇ ਘਰਾਂ ’ਚ ਪਿਛਲੇ ਗੇਟ ਬੰਦ ਕਰਨ ਲਈ ਕਿਹਾ ਗਿਆ ਹੈ। ਜੇਕਰ ਫਿਰ ਲੋਕਾਂ ਨੇ ਪਿਛਲੇ ਗੇਟ ਬੰਦ ਨਹੀਂ ਕੀਤੇ ਤਾਂ ਗਮਾਡਾ ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕੰਮ ’ਤੇ ਆਉਣ ਵਾਲਾ ਖ਼ਰਚਾ ਵੀ ਮਕਾਨ ਮਾਲਕ ਤੋਂ ਵਸੂਲਿਆ ਜਾਵੇਗਾ।
ਸ੍ਰੀ ਰਵੀ ਭਗਤ ਨੇ ਦੱਸਿਆ ਕਿ ਅਗਲੇ ਪੜਾਅ ਵਿੱਚ ਘਰਾਂ ਵਿੱਚ ਚੱਲਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਣਗੀਆਂ। ਇਸ ਸਬੰਧੀ ਦੀਵਾਲੀ ਤੋਂ ਬਾਅਦ ਸ਼ਹਿਰ ਵਿੱਚ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਘਰਾਂ ਵਿੱਚ ਖੋਲ੍ਹੀਆਂ ਦੁਕਾਨਾਂ ਬੰਦ ਕਰਨ ਲਈ ਕਿਹਾ ਜਾਵੇਗਾ ਅਤੇ ਸਰਵੇ ਰਿਪੋਰਟ ਨੂੰ ਆਧਾਰ ਬਣਾ ਕੇ ਅਲਾਟਮੈਂਟ ਰੂਲਾਂ ਦੀ ਉਲੰਘਣਾ ਕਰਕੇ ਘਰਾਂ ਵਿੱਚ ਦੁਕਾਨਾਂ ਚਲਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਮਾਡਾ ਅਧਿਕਾਰੀ ਨੇ ਕਿਹਾ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਘਰਾਂ ਵਿੱਚ ਖੋਲ੍ਹੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ ਤਾਂ ਸਬੰਧਤ ਵਿਅਕਤੀਆਂ ਦੇ ਮਕਾਨ ਰੱਦ ਕੀਤੇ ਜਾਣਗੇ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਯਮ ਤੇ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…