ਖੋਖਾ ਮਾਰਕੀਟ ਫੇਜ਼-1 ਦੇ ਪੀੜਤ ਦੁਕਾਨਦਾਰਾਂ ਨੂੰ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ

ਪੀੜਤ ਦੁਕਾਨਦਾਰਾਂ ਨੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੂੰ ਮੰਗ ਪੱਤਰ ਦਿੱਤਾ, ਕੇਂਦਰ ਕੋਲ ਮੁੱਦਾ ਚੁੱਕਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਇੱਥੋਂ ਦੇ ਫੇਜ਼-1 ਦੀ ਖੋਖਾ ਮਾਰਕੀਟ ਦੇ ਦੁਕਾਨਦਾਰ ਆਪਣਾ ਰੁਜ਼ਗਾਰ ਪ੍ਰਾਪਤ ਕਰਨ ਲਈ ਇਧਰੋਂ-ਉਧਰ ਭਟਕ ਰਹੇ ਹਨ। ਹਾਲ ਹੀ ਵਿੱਚ ਇਸ ਖੋਖਾ ਮਾਰਕੀਟ ‘ਤੇ ਪੀਲੇ ਪੰਜੇ ਚਲਾਉਂਦੇ ਹੋਏ ਗਮਾਡਾ ਵੱਲੋਂ ਇੱਥੋਂ ਦੀਆਂ ਸਾਰੀਆਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇੱਥੋਂ ਦੇ ਸਾਰੇ ਦੁਕਾਨਦਾਰ ਬੇਰੋਜ਼ਗਾਰ ਹੋ ਗਏ ਹਨ। ਸੋਮਵਾਰ ਨੂੰ ਇਨ੍ਹਾਂ ਦੁਕਾਨਦਾਰਾਂ ਨੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਦੁਕਾਨਦਾਰਾਂ ਨੇ ਸੰਜੀਵ ਵਸ਼ਿਸ਼ਟ ਨੂੰ ਦੱਸਿਆ ਕਿ ਗਮਾਡਾ ਨੇ ਉਨ੍ਹਾਂ ਦਾ ਸਾਰਾ ਕਾਰੋਬਾਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਹ ਹੁਣ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ ਅਤੇ ਹਾਲਾਤ ਇਹ ਹਨ ਕਿ ਉਹ ਆਪਣੇ ਪਰਿਵਾਰਾਂ ਸਮੇਤ ਭੁੱਖੇ ਰਹਿਣ ਲਈ ਮਜਬੂਰ ਹਨ।
ਇਸ ਸਬੰਧੀ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਰਕੀਟ ਲਈ ਸ਼ਹਿਰ ਦੇ ਹੋਰ ਖੋਖਾ ਮਾਰਕੀਟ ਵਾਂਗ ਨੀਤੀ ਤਿਆਰ ਕਰਨੀ ਚਾਹੀਦੀ ਹੈ ਅਤੇ ਉਸ ਨੀਤੀ ਅਨੁਸਾਰ ਹੀ ਇਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਤਾਂ ਜੋ ਇਹ ਦੁਕਾਨਦਾਰ ਆਪਣਾ ਰੁਜ਼ਗਾਰ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। ਉਨ੍ਹਾਂ ਦੱਸਿਆ ਕਿ ਫੇਜ਼-1 ਵਿੱਚ ਜਿਸ ਖੋਖਾ ਮਾਰਕੀਟ ਨੂੰ ਢਾਹਿਆ ਗਿਆ ਹੈ, ਉਹ ਸ਼ਹੀਦ ਭਗਤ ਸਿੰਘ ਖੋਖਾ ਮਾਰਕੀਟ ਦੇ ਨਾਂ ’ਤੇ ਸੀ। ਪਰ ਇਸ ਮਾਰਕੀਟ ਨੂੰ ਢਾਹ ਕੇ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਨਕਾਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ ਸੀ। ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਲੋਕਾਂ ਦਾ ਰੁਜ਼ਗਾਰ ਖੋਹਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੀਆਂ ਦੁਕਾਨਾਂ ਤੋੜ ਕੇ ਸਰਕਾਰ ਨੇ ਨਾ ਸਿਰਫ਼ ਦੁਕਾਨਦਾਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੁੱਖੇ ਮਰਨ ਲਈ ਛੱਡ ਦਿੱਤਾ ਹੈ।
ਫੇਜ਼-1 ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪੀੜ੍ਹੀਆਂ ਤੋਂ ਫੇਜ਼-1 ਦੀ ਮਾਰਕੀਟ ਵਿੱਚ ਕੰਮ ਕਰ ਰਹੇ ਸਨ। ਕੁਝ ਦੁਕਾਨਦਾਰ ਅਜਿਹੇ ਹਨ ਜਿਨ੍ਹਾਂ ਦੇ ਪਿਤਾ ਅਤੇ ਦਾਦੇ ਨੇ ਉੱਥੇ ਦੁਕਾਨਾਂ ਬਣਾਈਆਂ ਸਨ ਅਤੇ ਉਹ ਲੋਕ ਹੁਣ ਕੰਮ ਨੂੰ ਅੱਗੇ ਵਧਾ ਰਹੇ ਹਨ। ਪਰ ਹੁਣ ਸਰਕਾਰ ਨੇ ਉਨ੍ਹਾਂ ਦੇ ਸਾਰੇ ਕੰਮ ਬੰਦ ਕਰ ਦਿੱਤੇ ਹਨ। ਇਸ ਲਈ ਹੁਣ ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਬਚਿਆ। ਇੰਨਾ ਹੀ ਨਹੀਂ ਆਪਣੀਆਂ ਦੁਕਾਨਾਂ ਦਾ ਸਾਮਾਨ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਟੁੱਟਣ ਤੋਂ ਬਾਅਦ ਕੌਡੀਆਂ ਦੇ ਭਾਅ ਵੇਚਣੀਆਂ ਪਈਆਂ। ਕਿਉਂਕਿ ਉਨ੍ਹਾਂ ਕੋਲ ਉਹ ਚੀਜ਼ਾਂ ਰੱਖਣ ਲਈ ਹੋਰ ਕੋਈ ਥਾਂ ਨਹੀਂ ਸੀ।
ਸ੍ਰੀ ਵਸ਼ਿਸ਼ਟ ਨੇ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਨੇ ਇੰਨੀ ਸਾਲਾਂ ਦੀ ਮਿਹਨਤ ਨਾਲ ਆਪਣੀਆਂ ਦੁਕਾਨਾਂ ਜੋੜੀਆਂ ਸਨ ਅਤੇ ਆਪਣਾ ਸਾਮਾਨ ਇਕੱਠਾ ਕੀਤਾ ਸੀ, ਉਹ ਸਾਰਾ ਸਾਮਾਨ ਦੁਕਾਨਦਾਰਾਂ ਨੂੰ ਕਬਾੜ ਵਾਲਿਆਂ ਨੂੰ ਵੇਚਣਾ ਪਿਆ। ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਰਕੀਟ ’ਤੇ ਕਾਰਵਾਈ ਹੀ ਕਰਨੀ ਸੀ ਤਾਂ ਨੀਤੀ ਬਣਾ ਕੇ ਇਨ੍ਹਾਂ ਦੁਕਾਨਦਾਰਾਂ ਨੂੰ ਕਿਸੇ ਹੋਰ ਥਾਂ ’ਤੇ ਐਡਜਸਟ ਕਰਨਾ ਚਾਹੀਦਾ ਸੀ ਅਤੇ ਉਸ ਤੋਂ ਬਾਅਦ ਹੀ ਇੱਥੇ ਕਾਰਵਾਈ ਕੀਤੀ ਜਾਣੀ ਸੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…