ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਤੇ ਅਧਿਆਪਕਾਂ ਦੀ ਘਾਟ ਜਲਦੀ ਪੁਰੀ ਕੀਤੀ ਜਾਵੇਗੀ: ਸਿੱਧੂ

ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰੀ ਸਕੂਲ ਗੀਗੇਮਾਜਰਾ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਹਲਕੇ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਕਿਤੇ ਵੀ ਅਧਿਆਪਕਾਂ ਦੀ ਘਾਟ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਉਸ ਨੂੰ ਛੇਤੀ ਤੋਂ ਛੇਤੀ ਦੂਰ ਕਰਵਾਇਆ ਜਾਵੇਗਾ ਅਤੇ ਉਹ ਇਸ ਸਬੰਧ ਵਿਚ ਜਲਦ ਹੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਨਗੇ। ਸ੍ਰੀ ਸਿੱਧੂ ਨਜ਼ਦੀਕੀ ਪਿੰਡ ਗੀਗੇ ਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਸ. ਸਿੱਧੂ ਨੇ ਸਕੂਲ ਅੰਦਰ ਕਮਰਿਆਂ ਦੇ ਨਿਰਮਾਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਵਿਧਾਇਕ ਸ. ਸਿੱਧੂ ਪਿੰਡ ਨਿਵਾਸੀਆਂ ਦੇ ਕਹਿਣ ਉਤੇ ਵਿਸ਼ੇਸ਼ ਤੌਰ ’ਤੇ ਗੀਗੇ ਮਾਜਰਾ ਦੇ ਸਕੂਲ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਿੰਦਰ ਕੌਰ ਅਤੇ ਪਿੰਡ ਦੇ ਲੋਕਾਂ ਨੇ ਵਿਧਾਇਕ ਸ. ਸਿੱਧੂ ਨੂੰ ਸਕੂਲ ਵਿਚ ਪਾਈਆਂ ਜਾ ਰਹੀਆਂ ਖਾਮੀਆਂ ਬਾਰੇ ਜਾਣੂੰ ਕਰਵਾਇਆ ਅਤੇ ਸਕੂਲ ਵਿਚ ਪਿਛਲੇ ਤਿੰਨ ਸਾਲਾਂ ਤੋਂ ਅੰਗਰੇਜ਼ੀ ਵਿਸ਼ੇ ਦਾ ਕੋਈ ਵੀ ਅਧਿਆਪਕ ਨਾ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਡੈਪੂਟੇਸ਼ਨ ਉਤੇ ਚੱਲ ਰਿਹਾ ਹੈ, ਜਿਸ ਕਾਰਨ ਇਥੇ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਸੁਣਨ ਮਗਰੋਂ ਵਿਧਾਇਕ ਸ. ਸਿੱਧੂ ਨੇ ਤੁਰੰਤ ਸਬੰਧਤ ਅਧਿਆਪਕ ਨਾਲ ਮੋਬਾਇਲ ਉਤੇ ਗੱਲਬਾਤ ਕਰਕੇ ਉਸ ਨੂੰ ਤੁਰੰਤ ਸਕੂਲ ਵਿਚ ਡਿਊਟੀ ਜੁਆਇੰਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਅਧਿਆਪਕ ਆਪਣੀ ਡਿਊਟੀ ਉਤੇ ਹਾਜ਼ਰ ਨਹੀਂ ਹੁੰਦਾ ਤਾਂ ਉਹ ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਵੀ ਗੱਲਬਾਤ ਕਰਨਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮੋਹਾਲੀ ਹਲਕੇ ਦੇ ਸਰਕਾਰੀ ਸਕੂਲਾਂ ਵਿਚ ਤਾਇਨਾਤ ਜਿਹੜੇ ਅਧਿਆਪਕ ਇਥੋਂ ਡੈਪੂਟੇਸ਼ਨ ਉਤੇ ਗਏ ਹੋਏ ਹਨ, ਉਨ੍ਹਾਂ ਨੂੰ ਤੁਰੰਤ ਸਬੰਧਤ ਸਕੂਲਾਂ ਵਿਚ ਡਿਊਟੀ ਉਤੇ ਹਾਜ਼ਰ ਕਰਨ ਲਈ ਉਹ ਛੇਤੀ ਹੀ ਪੰਜਾਬ ਦੇ ਸਿੱਖਿਆ ਮੰਤਰੀ ਕੋਲ ਮਸਲਾ ਉਠਾਉਣਗੇ। ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਉਤੇ ਪੈ ਰਹੇ ਮਾੜੇ ਅਸਰ ਉਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਕੋਈ ਅਧਿਆਪਕ ਆਪਣੀ ਡਿਊਟੀ ਜੁਆਇੰਨ ਕਰਨ ਤੋਂ ਨਾਂਹ ਨੁਕਰ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਅਤੇ ਪਿੰਡ ਨਿਵਾਸੀਆਂ ਨੇ ਸਕੂਲ ਵਿਖੇ ਪਹੁੰਚਣ ਉਤੇ ਵਿਧਾਇਕ ਸ. ਸਿੱਧੂ ਦਾ ਸੁਆਗਤ ਕੀਤਾ ਅਤੇ ਆਪਣੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਸਕੂਲ ਦੀ ਪੂਰੀ ਬਿਲਡਿੰਗ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੇਵਾ ਸਿੰਘ ਪ੍ਰਧਾਨ ਗ੍ਰਾਮ ਸੁਧਾਰ ਸਭਾ, ਮਾ. ਲਾਲ ਸਿੰਘ ਚੇਅਰਮੈਨ, ਚੌ. ਹਰੀਪਾਲ ਚੋਲਟਾ ਕਲਾਂ, ਗੁਰਚਰਨ ਸਿੰਘ ਭੰਵਰਾ, ਨਰਿੰਦਰ ਸਿੰਘ, ਮਾਨ ਸਿੰਘ (ਦੋਵੇਂ ਪੰਚ), ਕਾਕਾ ਸਿੰਘ ਸਾਬਕਾ ਸਰਪੰਚ ਤੋੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲ ਅਧਿਆਪਕ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
(ਬਾਕਸ ਆਈਟਮ)
ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਜਦੋਂ ਸਕੂਲ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਕੁੱਝ ਛੋਟੇ ਛੋਟੇ ਸਕੂਲੀ ਵਿਦਿਆਰਥੀਆਂ ਨੇ ‘‘ਸਤਿ ਸ੍ਰੀ ਅਕਾਲ’’ ਬੁਲਾਈ, ਜਿਸ ਮਗਰੋਂ ਵਿਧਾਇਕ ਸ੍ਰੀ ਸਿੱਧੂ ਨੇ ਤੁਰੰਤ ਆਪਣੀ ਗੱਡੀ ਰੋਕ ਕੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਗੱਡੀ ’ਚੋਂ ਮਠਿਆਈ ਦਾ ਡੱਬਾ ਕੱਢ ਕੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਮਠਿਆਈ ਖੁਆਈ। ਇਹ ਛੋਟੇ ਛੋਟੇ ਸਕੂਲੀ ਵਿਦਿਆਰਥੀ ਵਿਧਾਇਕ ਸ੍ਰੀ ਸਿੱਧੂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਜਾਂਦੇ ਹੋਏ ਹੱਥ ਜੋੜ ਕੇ ਦੁਬਾਰਾ ਵਿਧਾਇਕ ਨੂੰ ਫਤਹਿ ਬੁਲਾਈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…