
ਮੀਟਿੰਗ ’ਚੋਂ ਗੈਰਹਾਜ਼ਰ ਰਹੇ ਤਿੰਨ ਬਰਾਂਚ ਮੈਨੇਜਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਸਵੈ-ਸਹਾਇਤਾ ਸਮੂਹਾਂ ਦੀਆਂ ਸੀਸੀਐਲ ਦੀ ਪੈਡੈਂਸੀ ਨੂੰ ਕਲੀਅਰ ਕਰਨ ਦੇ ਆਦੇਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਵਨੀਤ ਕੌਰ ਨੇ ਕੋਆਪਰੇਟਿਵ ਬੈਂਕਾਂ ਦੇ ਬਰਾਂਚ ਮੈਨੇਜਰਾਂ ਨਾਲ ਪੀਐਸਆਰਐਲਐਮ ਸਕੀਮ ਅਧੀਨ ਬਣੇ ਸਵੈ-ਸਹਾਇਤਾ ਸਮੂਹ ਦੀ ਕੈਸ਼ ਕਰੈਡਿਟ ਲਿਮਟ ਦੀ ਪੈਡੈਂਸੀ ਨੂੰ ਖ਼ਤਮ ਕਰਨ ਲਈ ਮੀਟਿੰਗ ਕੀਤੀ। ਇਸ ਦੌਰਾਨ ਬੈਂਕ ਮੈਨੇਜਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਪੈਡੈਂਸੀ ਫਾਈਲਾਂ ਜਲਦੀ ਕਲੀਅਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਖ਼ਿਲਾਫ਼ ਸਖ਼ਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ। ਉਧਰ, ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ ਪੰਜਾਬ ਐਂਡ ਸਿੰਧ ਬੈਂਕ ਦੇ ਤਿਊੜ ਬਰਾਂਚ ਦੇ ਮੈਨੇਜਰ ਬਰਾਂਚ ਲਾਲੜੂ ਅਤੇ ਸਟੇਟ ਬੈਕ ਆਫ਼ ਇੰਡੀਆ ਬਰਾਂਚ ਅਮਲਾਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮਕੇ ਭਾਰਦਵਾਜ ਨੇ ਬੈਂਕਾਂ ਨੂੰ ਪੈਡੈਂਸੀ ਸਬੰਧੀ ਤਾੜਨਾ ਕਰਦਿਆਂ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਕੈਸ਼ ਕਰੈਡਿਟ ਲਿਮਟ ਜੋ ਕਿ ਬੈਂਕ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੈ-ਸਹਾਇਤਾ ਸਮੂਹ ਨੂੰ ਇੱਕ ਲੱਖ ਰੁਪਏ ਦੀ ਲਿਮਟ ਜਾਰੀ ਕੀਤੀ ਜਾਂਦੀ ਹੈ, ਜਿਸ ਨਾਲ ਆਜੀਵਕਾ ਨਾਲ ਸਬੰਧਤ ਕਾਰੋਬਾਰ ਕਰਕੇ ਆਪਣਾ ਜੀਵਨ ਪੱਧਰ ’ਤੇ ਚੁੱਕ ਸਕਣ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮਕੇ ਭਾਰਦਵਾਜ, ਸੁਪਰਡੈਂਟ ਹਰਦੀਪ ਸਿੰਘ, ਕੋਆਪਰੇਟਿਵ ਬੈਕ ਬਰਾਂਚ ਮੈਨੇਜਰ ਸਿਆਲਬਾ, ਲਾਲੜੂ, ਘੜੂੰਆਂ, ਸਟੇਟ ਬੈਕ ਆਫ਼ ਇੰਡੀਆ ਬਰਾਂਚ ਹੰਡੇਸਰਾ, ਡੈਹਰ ਟਿਵਾਣਾ ਅਤੇ ਪੰਜਾਬ ਨੈਸ਼ਨਲ ਬੈਕ ਬਰਾਂਚ ਲਾਲੜੂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਯੋਜਨਾ ਅਧਿਕਾਰੀ ਸ੍ਰੀਮਤੀ ਰਿਸ਼ਵਪ੍ਰੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੁਮਾਰ, ਸਤਵਿੰਦਰ ਸਿੰਘ ਅਤੇ ਲੇਖਾਕਾਰ ਸੁਮੀਤ ਧਵਨ ਵੀ ਮੌਜੂਦ ਸਨ।