nabaz-e-punjab.com

ਜਨਤਕ ਪਖਾਨਿਆਂ ਦੀ ਉਸਾਰੀ ਸਬੰਧੀ ਮੇਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਧਮਕੀ ਤੋਂ ਭੜਕੇ ਕੌਂਸਲਰ

ਮੰਤਰੀ ’ਤੇ ਬੇਬੁਨਿਆਦ ਇਲਜ਼ਾਮਬਾਜ਼ੀ ਕਰਨ ਤੇ ਮਾਨਸਿਕ ਤਵਾਜਨ ਗਵਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਕੱਲ ਚੱਪੜਚਿੜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਨਿਗਮ ਵੱਲੋਂ ਮੋਬਾਈਲ ਟਾਇਲਟਾਂ ਦੀ ਉਸਾਰੀ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਮੇਅਰ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਕੌਂਸਲਰ ਭੜਕ ਗਏ ਹਨ ਅਤੇ ਉਹਨਾਂ ਨੇ ਮੰਤਰੀ ਤੇ ਬੇਬੁਨਿਆਦ ਇਲਜਾਮਬਾਜੀ ਕਰਕੇ ਮੇਅਰ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੰਤਰੀ ਵਲੋੱ ਕਿਹਾ ਗਿਆ ਸੀ ਕਿ ਨਗਰ ਨਿਗਮ ਵੱਲੋਂ ਜਨਤਕ ਪਖਾਨਿਆਂ ਦੀ ਉਸਾਰੀ ਲਈ ਮਹਿੰਗੇ ਰੇਟਾਂ ਦੇ ਟੈਂਡਰ ਜਾਰੀ ਕੀਤੇ ਸੀ ਅਤੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿੱਚ ਸਥਾਨਕ ਸਰਕਾਰ ਵਿਭਾਗ ਵਲੋੱ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਸਮੇਤ ਨਗਰ ਨਿਗਮ ਦੇ ਹੋਰਨਾਂ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੇ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਸੀ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਹੈ ਕਿ ਨਗਰ ਨਿਗਮ ਐਸ ਏ ਐਸ ਨਗਰ ਵੱਲੋਂ ਜਨਤਕ ਪਖਾਨਿਆਂ ਦੀ ਉਸਾਰੀ ਲਈ ਚੰਡੀਗੜ੍ਹ ਨਗਰ ਨਿਗਮ ਦੇ ਮੁਕਾਬਲੇ ਢਾਈ ਗੁਨਾ ਵੱਧ ਕੀਮਤ ਤੇ ਟੈਂਡਰ ਜਾਰੀ ਕੀਤੇ ਗਏ ਸਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਇੱਥੇ ਨਗਰ ਨਿਗਮ ਦੇ ਕੌਂਸਲਰਾਂ ਸਰਵਸ੍ਰੀ ਆਰ ਪੀ ਸ਼ਰਮਾ, ਫੂਲਰਾਜ ਸਿੰਘ, ਸਾਬਕਾ ਤਹਿਸੀਲਦਾਰ ਅਮਰੀਕ ਸਿੰਘ, ਪਰਮਜੀਤ ਸਿੰਘ ਕਾਹਲੋਂ, ਹਰਪਾਲ ਸਿੰਘ ਚੰਨਾ, ਸਰਬਜੀਤ ਸਿੰਘ ਸਮਾਣਾ, ਗੁਰਮੁੱਖ ਸਿੰਘ ਸੋਹਲ ਅਤੇ ਮਹਿਲਾ ਕੌਂਸਲਰਾਂ ਜਸਵੀਰ ਕੌਰ ਅੱਤਲੀ, ਰਮਨਪ੍ਰੀਤ ਕੌਰ, ਗੁਰਮੀਤ ਕੌਰ ਅਤੇ ਸ੍ਰੀਮਤੀ ਕਰਮਜੀਤ ਕੌਰ ਨੇ ਕਿਹਾ ਕਿ ਮੰਤਰੀ ਵੱਲੋਂ ਬੇਸਿਰਪੈਰ ਦੀ ਬਿਆਨਬਾਜੀ ਨਾਲ ਅਜਿਹਾ ਲੱਗਦਾ ਹੈ ਜਿਵੇਂ ਮੰਤਰੀ ਨੇ ਆਪਣਾ ਮਾਨਸਿਕ ਤਵਾਜਨ ਗਵਾ ਦਿੱਤਾ ਹੈ ਅਤੇ ਉਹਨਾਂ ਨੂੰ ਇਲਾਜ ਦੀ ਲੋੜ ਹੈ। ਉਕਤ ਕੌਂਸਲਰਾਂ ਨੇ ਕਿਹਾ ਕਿ ਜਨਤਕ ਪਖਾਨਿਆਂ ਦੀ ਉਸਾਰੀ ਸੰਬੰਧੀ ਨਗਰ ਨਿਗਮ ਵਲੋੱ ਸਰਵਸਮੰਤੀ ਨਾਲ ਮਤਾ ਪਾਸ ਕਰਕੇ ਸਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਗਿਆ ਸੀ ਪਰੰਤੂ ਬਾਅਦ ਵਿੱਚ ਸਰਕਾਰ ਵਲੋੱ ਇਹ ਕਹਿੰਦਿਆਂ ਮਤਾ ਰੱਦ ਕਰ ਦਿੱਤਾ ਗਿਆ ਸੀ ਕਿ ਸਰਕਾਰ ਦੀ ਪਾਲਸੀ ਹੈ ਕਿ ਪੂਰੇ ਪੰਜਾਬ ਵਿੱਚ ਇੱਕੋ ਵਰਗੇ ਪਖਾਨੇ ਉਸਾਰੇ ਜਾਣਗੇ ਅਤੇ ਇਸ ਸੰਬੰਧੀ ਕਾਰਵਾਈ ਵਿਚਾਲੇ ਹੀ ਰੁਕ ਗਈ ਸੀ।
ਉਹਨਾਂ ਸਵਾਲ ਕੀਤਾ ਕਿ ਜਦੋਂ ਕੋਈ ਕੰਮ ਹੀ ਨਹੀਂ ਹੋਇਆ ਅਤੇ ਨਿਗਮ ਨੇ ਕੋਈ ਪੈਸਾ ਹੀ ਨਹੀਂ ਖਰਚਿਆ ਤਾਂ ਫਿਰ ਭ੍ਰਿਸ਼ਟਾਚਾਰ ਕਿਵੇੱ ਹੋਇਆ। ਉਹਨਾਂ ਇਸ ਮੌਕੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਤੇ ਨੂੰ ਰੱਦ ਕਰਨ ਬਾਰੇ ਜਾਰੀ ਕੀਤੀ ਗਈ ਚਿੱਠੀ ਦੀ ਕਾਪੀ ਵੀ ਦਿੱਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਨਗਰ ਨਿਗਮ ਵੱਲੋਂ ਜਾਰੀ ਟੈਂਡਰ ਕੈਂਸਲ ਕਰ ਦਿੱਤੇ ਜਾਣ। ਉਕਤ ਕੌਂਸਲਰਾਂ ਨੇ ਕਿਹਾ ਕਿ ਨਾ ਤਾਂ ਇਹ ਟਾਇਲਟਾਂ ਦੀ ਖਰੀਦ ਕੀਤੀ ਗਈ ਅਤੇ ਨਾ ਹੀ ਇਹ ਸਥਾਪਿਤ ਕੀਤੇ ਗਏ ਜਿਸ ਕਾਰਨ ਸਾਡਾ ਸ਼ਹਿਰ ਸਵੱਛਤਾ ਸਰਵੇਖਣ ਦੇ ਮਾਮਲੇ ਵਿੱਚ ਪਿਛੜ ਗਿਆ। ਉਹਨਾਂ ਕਿਹਾ ਕਿ ਜਿੱਥੋਂ ਤਕ ਚੰਡੀਗੜ੍ਹ ਵਿੱਚ ਬਣਾਏ ਜਾਣ ਵਾਲੇ ਟਾਇਲਟਾਂ ਦੀ ਕੀਮਤ ਘੱਟ ਹੋਣ ਦੀ ਗੱਲ ਹੈ ਤਾਂ ਚੰਡੀਗੜ੍ਹ ਵੱਲੋਂ ਜਿਹੜੇ ਟੈਂਡਰ ਜਾਰੀ ਕੀਤੇ ਗਏ ਸਨ ਉਹ ਫਾਈਬਰ ਦੇ ਸਨ ਜਦੋਂ ਕਿ ਨਗਰ ਨਿਗਮ ਐਸ ਏ ਐਸ ਨਗਰ ਵਲੋੱ ਲਗਾਏ ਜਾਣ ਵਾਲੇ ਇਹ ਟਾਇਲਟ ਸਟੇਨਲੈਸ ਸਟੀਲ ਦੇ ਬਣਨੇ ਸਨ ਅਤੇ ਇਹਨਾਂ ਵਿੱਚ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੱਕਾ ਫਰਸ਼ ਵੀ ਪੈਣਾ ਸੀ ਤਾਂ ਜੋ ਸਾਫ ਸਫਾਈ ਬਿਹਤਰ ਢੰਗ ਨਾਲ ਰਹੇ।
ਕੌਂਸਲਰਾਂ ਨੇ ਕਿਹਾ ਕਿ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ’ਤੇ ਖੜ੍ਹੇ ਕੇ ਇਸ ਤਰ੍ਹਾਂ ਕੀਤੀ ਜਾ ਰਹੀ ਝੂਠੀ ਅਤੇ ਬੇਬੁਨਿਆਦੀ ਬਿਆਨਬਾਜੀ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਹਲਕਾ ਵਿਧਾਇਕ ਅਤੇ ਕਾਂਗਰਸ ਸਰਕਾਰ ਤੋਂ ਨਿਗਮ ਵੱਲੋਂ ਕਰਵਇਆ ਜਾ ਰਿਹਾ ਸ਼ਹਿਰ ਦਾ ਵਿਕਾਸ ਬਰਦਾਸ਼ਤ ਨਹੀਂ ਹੋ ਰਿਹਾ ਇਸ ਲਈ ਇਸ ਤਰੀਕੇ ਦੀਆਂ ਕਾਰਵਾਈਆਂ ਨਾਲ ਨਿਗਮ ਅਤੇ ਮੇਅਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …