
ਸ੍ਰੀ ਗਣੇਸ਼ ਮਹਾਉਤਸਵ: ਪਹਿਲੇ ਦਿਨ ਹੋਵੇਗਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਸ਼ਬਦ ਕੀਰਤਨ
ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਵੱਲੋਂ ਇੱਥੋਂ ਦੇ ਫੇਜ਼-9 ਵਿੱਚ ਸ੍ਰੀ ਗਣੇਸ਼ ਮਹਾਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਚਾਰ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਮੇਟੀ ਦੇ ਸਰਪ੍ਰਸਤ ਰਮੇਸ਼ ਦੱਤ, ਵਾਈਸ ਚੇਅਰਮੈਨ ਮਨੋਜ ਵਰਮਾ ਅਤੇ ਪ੍ਰਧਾਨ ਰਮੇਸ਼ ਵਰਮਾ, ਦੱਸਿਆ ਕਿ ਸ੍ਰੀ ਗਣੇਸ਼ ਉਤਸਵ ਦੇ ਪਹਿਲੇ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਹੋਵੇਗਾ। ਇਸ ਸਬੰਧੀ ਬਾਕਾਇਦਾ ਗੁਰਦੁਆਰਾ ਕਮੇਟੀ ਤੋਂ ਸਹਿਮਤੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਬਲਵਿੰਦਰ ਸਿੰਘ ਰੰਗੀਲਾ ਗੁਰਬਾਣੀ ਕੀਰਤਨ ਕਰਨਗੇ। ਸ਼ਾਮ ਨੂੰ ਪੰਡਾਲ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਸੁਸ਼ੋਭਿਤ ਕੀਤੀ ਜਾਵੇਗੀ। ਉਪਰੰਤ ਵਿਜੈ ਰਤਨ ਅਤੇ ਸੁਲਤਾਨਾ ਨੂਰਾ (ਨੂਰਾ ਸਿਸਟਰਸ) ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
18 ਸਤੰਬਰ ਨੂੰ ਸ੍ਰੀਮਤੀ ਸ਼ੁਸਮਾ ਸ਼ਰਮਾ ਸਮਾਗਮ ਦਾ ਆਗਾਜ਼ ਕਰਨਗੇ। ਉਪਰੰਤ ਪਹਿਲਾਂ ਯਾਸਿਰ ਹੁਸੈਨ ਅਤੇ ਫਿਰ ਪੂਨਮ ਦੀਦੀ ਰਾਤ ਨੂੰ 10 ਵਜੇ ਗੁਣਗਾਨ ਕਰਨਗੇ, 19 ਸਤੰਬਰ ਨੂੰ ਅਜੈ ਰਾਣਾ ਸਮਾਗਮ ਦਾ ਆਗਾਜ਼ ਕਰਨਗੇ। ਉਪਰੰਤ ਭਜਨ ਸਮਰਾਟ ਕਨੱਈਆ ਮਿੱਤਲ ਵੱਲੋਂ ਕੀਤਾ ਜਾਵੇਗਾ। 20 ਸਤੰਬਰ ਨੂੰ ਸਵੇਰੇ ਮਨਿੰਦਰ ਚੰਚਲ ਭਜਨ ਬੰਦਗੀ ਕਰਨਗੇ। ਦੁਪਹਿਰ ਸਮੇਂ ਰੱਥ ਯਾਤਰਾ ਕੱਢੀ ਜਾਵੇਗੀ ਅਤੇ ਸ੍ਰੀ ਗਣੇਸ਼ ਵਿਸਰਜਨ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਵੇਗੀ।