Nabaz-e-punjab.com

ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਸਿੱਧੂ ਤੇ ਅਕਾਲੀ ਕੌਂਸਲਰਾਂ ਵੱਲੋਂ ਵਾਰੋ ਵਾਰੀ ਉਦਘਾਟਨ

ਅਕਾਲੀ ਕੌਂਸਲਰਾਂ ਵੱਲੋਂ ਸਿੱਧੂ ’ਤੇ ਨਗਰ ਨਿਗਮ ਦੇ ਕੰਮਾਂ ਵਿੱਚ ਗਲਤ ਦਖ਼ਲਅੰਦਾਜ਼ੀ ਦੇਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਕੌਂਸਲਰ ਕਾਫੀ ਉਤਾਵਲੇ ਨਜ਼ਰ ਆ ਰਹੇ ਹਨ। ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਵਿੱਚ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈੱਲ ਲਗਾਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਸਾਥੀ ਕੌਂਸਲਰਾਂ ਸੁਰਿੰਦਰ ਸਿੰਘ ਰੋਡਾ ਅਤੇ ਕਮਲਜੀਤ ਕੌਰ ਵੱਲੋਂ ਵਾਰੋ ਵਾਰੀ ਉਦਘਾਟਨ ਕੀਤੇ ਗਏ।
ਜਾਣਕਾਰੀ ਅਨੁਸਾਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਉਕਤ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਇਸ ਦੀ ਭਿਣਕ ਪੈਂਦਿਆਂ ਹੀ ਅਕਾਲੀ ਕੌਂਸਲਰਾਂ ਨੇ ਸ੍ਰੀ ਸਿੱਧੂ ਤੋਂ ਪਹਿਲਾਂ ਪਹੁੰਚ ਕੇ ਆਪਣੇ ਸਮਰਥਕਾਂ ਦੀ ਹਾਜ਼ਰੀ ਵਿੱਚ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਅਤੇ ਨਾਰੀਅਲ ਤੋੜ ਕੇ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਵਿੰਦਰ ਸਿੰਘ ਬੈਦਵਾਨ ਅਤੇ ਸਾਥੀ ਕੌਂਸਲਰਾਂ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਹਰਪਾਲ ਸਿੰਘ ਚੰਨਾ, ਰਮਨਪ੍ਰੀਤ ਕੌਰ ਕੁੰਭੜਾ ਨੇ ਸਿਹਤ ਮੰਤਰੀ ’ਤੇ ਨਗਰ ਨਿਗਮ ਦੇ ਕੰਮਾਂ ਵਿੱਚ ਗਲਤ ਤਰੀਕੇ ਨਾਲ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਸ਼ੁਰੂ ਅਜਿਹੀਆਂ ਕਾਰਵਾਈਆਂ ਕਰਦੇ ਆ ਰਹੇ ਹਨ ਪ੍ਰੰਤੂ ਹੁਣ ਪਾਣੀ ਸਿਰ ਦੇ ਉੱਤੋਂ ਜਾਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ ਅਤੇ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 9 ਅਕਤੂਬਰ 2018 ਨੂੰ ਨਗਰ ਨਿਗਮ ਦੀ ਮੀਟਿੰਗ ਵਿੱਚ ਸੋਹਾਣਾ ਵਿੱਚ ਨਵਾਂ ਟਿਊਬਵੈੱਲ ਲਗਾਉਣ ਲਈ 32 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ 9 ਮਹੀਨੇ ਪਹਿਲਾਂ 28 ਫਰਵਰੀ ਨੂੰ 75 ਫੀਸਦੀ ਰਕਮ (23.75 ਲੱਖ ਰੁਪਏ) ਜਲ ਸਪਲਾਈ ਵਿਭਾਗ ਨੂੰ ਅਦਾ ਕੀਤੇ ਜਾ ਚੁੱਕੇ ਹਨ। ਵਰਕ ਟੈਂਡਰ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਸਾਂਝੇ ਤੌਰ ’ਤੇ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਲੇਕਿਨ ਥੋੜ੍ਹੀ ਦੇਰ ਬਾਅਦ ਮੰਤਰੀ ਵੀ ਉੱਥੇ ਪਹੁੰਚ ਕੇ ਫੀਤਾ ਕੱਟ ਕੇ ਉਦਘਾਟਨ ਕੀਤਾ ਗਿਆ।
ਅਕਾਲੀ ਕੌਂਸਲਰਾਂ ਨੇ ਕਿਹਾ ਕਿ ਮੰਤਰੀ ਨੂੰ ਨਗਰ ਨਿਗਮ ਦੇ ਕੰਮਾਂ ਵਿੱਚ ਦਖ਼ਲ ਦੇਣ ਦੀ ਬਜਾਏ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਲਿਆਉਣ ਸਮੇਤ ਪ੍ਰਾਪਰਟੀ ਟੈਕਸ ਅਤੇ ਨਕਸ਼ਾ ਫੀਸ ਮੁਆਫ਼ ਕਰਵਾਉਣ ਲਈ ਸਰਕਾਰ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿਉਂਕਿ ਸ੍ਰੀ ਸਿੱਧੂ ਨੇ ਆਪਣੇ ਚੋਣ ਮੈਨੀਫੈਸਟੋ ਵੀ ਸਭ ਤੋਂ ਉੱਤੇ ਟੈਕਸ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਇਸ ਸਬੰਧੀ ਨਗਰ ਨਿਗਮ ਨੇ ਮਤਾ ਪਾਸ ਕਰਕੇ ਡਾਇਰੈਕਟਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਲੇਕਿਨ ਹੁਣ ਤੱਕ ਸਰਕਾਰ ਨੇ ਇਸ ਮਤੇ ਨੂੰ ਪਾਸ ਨਹੀਂ ਕੀਤਾ। ਉਨ੍ਹਾਂ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਅਤੇ ਚੰਡੀਗੜ੍ਹ ਦੀ ਤਰਜ਼ ’ਤੇ ਮਿਲਕ ਕਲੋਨੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਸ਼ਹਿਰ ’ਚੋਂ ਪਸ਼ੂਆਂ ਨੂੰ ਬਾਹਰ ਲਿਜਾਇਆ ਜਾ ਸਕੇ।
ਇਸ ਮੌਕੇ ਅਕਾਲੀ ਕੌਂਸਲਰ ਆਰਪੀ ਸ਼ਰਮਾ, ਭਾਜਪਾ ਆਗੂ ਅਸ਼ੋਕ ਝਾਅ, ਨੰਬਰਦਾਰ ਹਰਸੰਗਤ ਸਿੰਘ ਤੇ ਹਰਵਿੰਦਰ ਸਿੰਘ, ਹਰਮੇਸ਼ ਸਿੰਘ ਕੁੰਭੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…