nabaz-e-punjab.com

ਮੁੱਖ ਮੰਤਰੀ ਦੇ ਬਰੀ ਹੋਣ ਦੀ ਖੁਸ਼ੀ ਵਿੱਚ ਮੁਹਾਲੀ ਵਿੱਚ ਜੀਤੀ ਸਿੱਧੂ ਤੇ ਹੋਰ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕੇਸ ਚੋਂ ਬਰੀ ਹੋਣ ਦੀ ਖੁਸ਼ੀ ਵਿੱਚ ਅੱਜ ਮੁਹਾਲੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਅੰਦਰ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅੱਜ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਦੀ ਅਗਵਾਈ ਹੇਠ ਅੱਜ ਫੇਜ਼ 7 ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਢੋਲ ਵਜਾ ਕੇ ਭੰਗੜੇ ਪਾਏ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾ ਕੇ ਕਾਫੀ ਤੰਗ ਪ੍ਰੇਸ਼ਾਨ ਕੀਤਾ ਪਰ ਅੱਜ ਦੇਸ਼ ਦੇ ਕਾਨੂੰਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਇੱਜਤ ਬਰੀ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਅੱਜ ਸੱਚ ਦੀ ਜਿੱਤ ਹੋਈ ਹੈ ਤੇ ਝੂਠੇ ਲੋਕ ਅੱਜ ਕਿਸੇ ਨੂੰ ਆਪਣਾ ਮੁੰਹ ਦਿਖਾਉਣ ਜੋਗੇ ਵੀ ਨਹੀਂ ਰਹਿ ਗਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੇ ਲਾਮਿਸਾਲ ਤਰੱਕੀ ਕੀਤੀ ਸੀ ਅਤੇ ਲੋਕਾਂ ਨੂੰ ਭਾਰੀ ਸਹੂਲਤਾਂ ਮਿਲਿਆ ਸੀ ਪਰ ਅਕਾਲੀ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਜੰਗਲ ਰਾਜ ਦੌਰਾਨ ਪੰਜਾਬ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਜਿਸ ਨੂੰ ਹੁਣ ਦੁਬਾਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰੱਕੀ ਦੀਆਂ ਲੀਹਾਂ ਉੱਤੇ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਮਜ਼ਬੂਤ ਤੇ ਹਰਮਨ ਪਿਆਰੇ ਮੁੱਖ ਮੰਤਰੀ ਹਨ ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਰਣਜੀਤ ਸਿੰਘ ਗਿੱਲ, ਜਗਰੂਪ ਸਿੰਘ ਢੋਲ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਗੁਰਦੇਵ ਸਿੰਘ ਚੌਹਾਨ, ਅਮਨਪ੍ਰੀਤ ਸਿੰਘ ਵਿਕਟਰ, ਨਰੇਸ਼ ਕੁਮਾਰ ਕੁੰਭੜਾ, ਠੇਕੇਦਾਰ ਹਰਦਿਆਲ ਸਿੰਘ, ਗੁਰਿੰਦਰ ਸਿੰਘ, ਗੋਪੀ, ਮਨਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…