
ਕਰਵਾ ਚੌਥ: ਸਿੱਧੂ ਭਰਾਵਾਂ ਨੇ 300 ਮਹਿਲਾ ਸਫ਼ਾਈ ਸੇਵਕਾਂ ਨੂੰ ਸੂਟ ਵੰਡੇ
ਕਰੋਨਾ ਮਹਾਮਾਰੀ, ਡੇਂਗੂ ਨਾਲ ਲੜਨ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਫ਼ਾਈ ਸੇਵਕਾਂ ਦਾ ਕੀਤਾ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਰਵਾ ਚੌਥ ਦੇ ਮੱਦੇਨਜ਼ਰ ਮੁਹਾਲੀ ਵਿੱਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਉੱਤੇ ਕੰਮ ਕਰਨ ਵਾਲੀਆਂ ਮਹਿਲਾ ਸਫ਼ਾਈ ਕਰਮਚਾਰਨਾਂ ਨੂੰ ਸੂਟ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕਰੋਨਾਵਾਇਰਸ ਵਿਰੁੱਧ ਜੰਗ ਵਿੱਚ ਅਹਿਮ ਯੋਗਦਾਨ ਲਈ ਸਾਰੇ ਸਫ਼ਾਈ ਕਾਮਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਸਬੰਧੀ ਇੱਥੋਂ ਦੇ ਕਮਿਊਨਿਟੀ ਸੈਂਟਰ ਫੇਜ਼-7 ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨੂੰ ਸਾਫ਼-ਸੁਥਰਾ ਰੱਖਣ ਅਤੇ ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ’ਤੇ ਆ ਕੇ ਜੂਝਣ ਵਾਲੇ ਸਮੂਹ ਸਫ਼ਾਈ ਸੇਵਕ ਸਨਮਾਨ ਦਾ ਪਾਤਰ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੀ ਪਹਿਲੀ ਲਹਿਰ ਮੌਕੇ ਜਦੋਂ ਸਾਰਾ ਸ਼ਹਿਰ ’ਚ ਤਾਲਾਬੰਦੀ ਸੀ ਤੱਦ ਇਹ ਸਫ਼ਾਈ ਸੇਵਕ ਆਪਣੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਸਨ। ਇਹੀ ਕਾਰਨ ਹੈ ਕਿ ਨਗਰ ਨਿਗਮ ਵਿੱਚ ਸਫ਼ਾਈ ਸੇਵਕਾਂ ਨੂੰ ਪੱਕੇ ਤੌਰ ’ਤੇ ਰੱਖਣ ਲਈ ਕਾਰਵਾਈ ਜਾਰੀ ਰਹੀ ਹੈ।
ਵਿਧਾਇਕ ਸਿੱਧੂ ਨੇ ਅੱਜ ਇਨ੍ਹਾਂ ਸਫ਼ਾਈ ਸੇਵਕਾਂ ਖਾਸ ਕਰਕੇ ਅੌਰਤਾਂ ਨੂੰ ਕਰਵਾ ਚੌਥ ਦੇ ਸ਼ੁਭ ਦਿਹਾੜੇ ’ਤੇ ਸੂਟ ਵੰਡ ਕੇ ਉਨ੍ਹਾਂ ਦਾ ਸਨਮਾਨ ਕਰਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਮੂਹ ਸਫ਼ਾਈ ਸੇਵਕਾਂ ਨੂੰ ਡੇਂਗੂ ਨਾਲ ਲੜਨ ਲਈ ਹੋਰ ਵੀ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ ਅਤੇ ਸਫ਼ਾਈ ਪੱਖੋਂ ਮੁਹਾਲੀ ਨੂੰ ਇੱਕ ਨੰਬਰ ’ਤੇ ਲਿਆਂਦਾ ਜਾ ਸਕੇ।
ਇਸ ਤੋਂ ਪਹਿਲਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਗਾਂਧੀ ਜੈਅੰਤੀ ਮੌਕੇ ਉਨ੍ਹਾਂ ਨੇ ਸਫ਼ਾਈ ਸੇਵਕਾਂ ਦਾ ਸਨਮਾਨ ਕਰਨ ਵੇਲੇ ਇਹ ਵਾਅਦਾ ਕੀਤਾ ਸੀ ਕਿ ਵਿਧਾਇਕ ਬਲਬੀਰ ਸਿੱਧੂ ਵੱਲੋਂ ਸਫ਼ਾਈ ਸੇਵਕਾਂ ਨੂੰ ਸੂਟ ਵੰਡੇ ਜਾਣਗੇ ਜੋ ਅੱਜ ਉਨ੍ਹਾਂ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪ੍ਰੇਰਦਿਆਂ ਕਿਹਾ ਕਿ ਐਤਕੀਂ ਸਵੱਛ ਭਾਰਤ ਮੁਹਿੰਮ ਤਹਿਤ ਮੁਹਾਲੀ ਨੂੰ ਇਕ ਨੰਬਰ ’ਤੇ ਲਿਆਂਦਾ ਜਾਵੇਗਾ।
ਇਸ ਮੌਕੇ ਜਸਪ੍ਰੀਤ ਕੌਰ ਮੁਹਾਲੀ, ਸੁੱਚਾ ਸਿੰਘ ਕਲੌੜ, ਬਲਰਾਜ ਧਾਲੀਵਾਲ, ਕਮਲਜੀਤ ਸਿੰਘ ਬਨੀ, ਜਗਦੀਸ਼ ਜੱਗਾ, ਅਨੁਰਾਧਾ ਅਨੰਦ, ਵਿਨੀਤ ਮਲਿਕ, ਰਵਿੰਦਰ ਸਿੰਘ, ਦਵਿੰਦਰ ਕੌਰ ਵਾਲੀਆ, ਮੀਨਾ ਕੌਂਡਲ (ਸਾਰੇ ਕੌਂਸਲਰ), ਸਤਪਾਲ ਲਖੋਤਰਾ, ਬਲਜਿੰਦਰ ਵਾਲੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ।