ਸਿੱਧੂ ਭਰਾਵਾਂ ਨੂੰ ਝੂਠ ਬੋਲਣ ਤੇ ਤੋਹਮਤਬਾਜ਼ੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ: ਕੁਲਵੰਤ ਸਿੰਘ

ਮੁਹਾਲੀ ਸ਼ਹਿਰ ਅਤੇ ਆਸਪਾਸ ਪਿੰਡਾਂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 31 ਮਾਰਚ:
ਮੁਹਾਲੀ ਸ਼ਹਿਰ ਅਤੇ ਆਸ-ਪਾਸ ਪਿੰਡਾਂ ਵਿੱਚ ਅੱਜ ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਗਏ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨੂਰਾਨੀ ਮਸਜਿਦ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਹੋਰਨਾਂ ਕਈ ਸਮਾਗਮਾਂ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਭਰਾ ਤੇ ਮੇਅਰ ਜੀਤੀ ਸਿੱਧੂ ਕੋਲ ਝੂਠ ਬੋਲਣ ਅਤੇ ਤੋਹਮਤਬਾਜ਼ੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਨਹੀਂ ਹੈ। ਸਿੱਧੂ ਤਿੰਨ ਵਾਰ ਲਗਾਤਾਰ ਚੋਣ ਜਿੱਤੇ ਅਤੇ ਕਾਂਗਰਸ ਵਜ਼ਾਰਤ ਸਮੇਂ ਕੈਬਨਿਟ ਮੰਤਰੀ ਵੀ ਰਹੇ ਪ੍ਰੰਤੂ ਉਨ੍ਹਾਂ ਨੇ ਮੁਹਾਲੀ ਦੇ ਵਿਕਾਸ ਦੀ ਥਾਂ ਸਿਰਫ਼ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ। ਕਾਂਗਰਸ ਸਮੇਂ ਇੱਕ ਵੀ ਪ੍ਰਾਜੈਕਟ ਸਿਰੇ ਨਹੀਂ ਚੜ੍ਹਿਆ, ਸਿਰਫ਼ ਨੀਂਹ ਪੱਥਰ ਰੱਖ ਕੇ ਫੋਕੀ ਵਾਹਾਵਾਹੀ ਹੀ ਖੱਟੀ ਗਈ। ਜਦੋਂਕਿ ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਵਾਏ, ਟਰੈਫ਼ਿਕ ਨਿਯਮ ਸਖ਼ਤੀ ਨਾਲ ਲਾਗੂ ਕਰਦਿਆਂ ਈ-ਚਲਾਨ ਸ਼ੁਰੂ ਕੀਤੇ ਗਏ। ਸ਼ਹਿਰ ਵਿੱਚ ਨਵੀਆਂ ਤੇ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਪਿੰਡਾਂ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਸਮੇਤ ਲੋੜ ਅਨੁਸਾਰ ਨਵੀਆਂ ਸੜਕਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਅਤੇ ਪਿੰਡ ਵਾਸੀਆਂ ਦੀ ਮੰਗ ’ਤੇ ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ ਦਾ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਕਬਰਿਸਤਾਨ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ।
ਇਸੇ ਤਰ੍ਹਾਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਆਗੂ ਸੰਜੀਵ ਵਸ਼ਿਸ਼ਟ ਸਮੇਤ ਹੋਰਨਾਂ ਸਿਆਸੀ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਈਦ-ਉਲ-ਫਿਤਰ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਗਲੇ ਮਿਲ ਕੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ।
ਇਸ ਮੌਕੇ ਪ੍ਰਧਾਨ ਜਗਦੀਸ਼ ਖਾਨ ਜੱਗੀ, ਰਸ਼ੀਦ ਖਾਨ ਬਿੱਲਾ -ਚੇਅਰਮੈਨ, ਸਿਤਾਰ ਖਾਨ ਉਪ ਪ੍ਰਧਾਨ, ਸੌਦਾਗਰ ਖਾਨ ਮੁਖ ਸਲਾਹਕਾਰ, ਸਲੀਮ ਖਾਨ ਜਨਰਲ ਸਕੱਤਰ, ਮੁਖਤਿਆਰ ਖਾਨ ਮਨਜੀਤ ਖਾਨ -ਪ੍ਰੈਸ ਸਕੱਤਰ, ਇਕਬਾਲ ਖਾਨ- ਜੁਆਇੰਟ ਸਕੱਤਰ, ਸਲੀਮ ਖਾਨ- ਕੈਸ਼ੀਅਰ, ਬਲਜਿੰਦਰ ਖਾਨ- ਸਹਾਇਕ ਕੈਸ਼ੀਅਰ, ਕਰਮਜੀਤ ਬਿੱਲੂ,ਸਲੀਮ ਖਾਨ, ਦਿਲਵਾਰਾ ਖਾਨ, ਰਣਦੀਪ ਸਿੰਘ ਮਟੌਰ, ਜਸਪਾਲ ਸਿੰਘ ਕੌਂਸਲਰ, ਹਰਮੇਸ਼ ਸਿੰਘ ਕੁੰਬੜਾ, ਕਰਮਜੀਤ ਸਿੰਘ ਨੰਬਰਦਾਰ, ਕਰਮਜੀਤ ਸਿੰਘ ਲਾਲਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ ਮਟੌਰ,ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਵਤਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ 16 ਸਰਕਾਰੀ…