
ਸਿੱਧੂ ਫਾਊਂਡੇਸ਼ਨ ਨੇ ਏਅਰਪੋਰਟ ਸੜਕ ਅਤੇ ਕਲੋਨੀਆਂ ਵਿੱਚ ਵਿੱਢੀ ‘ਸਫ਼ਾਈ ਮੁਹਿੰਮ’
ਸਮਾਜਿਕ ਮਾਮਲਿਆਂ ਨੂੰ ਹੱਲ ਕਰਨ ਵਿੱਚ ਗੈਰ-ਸਰਕਾਰੀ ਸੰਸਥਾਵਾਂ ਦੀ ਅਹਿਮ ਭੂਮਿਕਾ: ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 16 ਸਤੰਬਰ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਿੱਧੂ ਫਾਉਂਡੇਸ਼ਨ ਦੇ ਵਲੰਟੀਅਰਾਂ ਵੱਲੋਂ ਅੱਜ ਮੁਹਾਲੀ ਏਅਰਪੋਰਟ ਸੜਕ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਵੱਡੀ ਮਾਤਰਾ ਵਿੱਚ ਪੌਲੀਥੀਨ ਦੇ ਲਿਫ਼ਾਫ਼ਿਆਂ ਸਮੇਤ ਹੋਰ ਨਾ-ਗਲਣਯੋਗ ਕੂੜਾ ਇਕੱਠਾ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਅਸੀਂ ਅਜਿਹੇ ਖੇਤਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਰੋਜ਼ਾਨਾ ਪਲਾਸਟਿਕ ਅਤੇ ਪੌਲੀਥੀਨ ਦਾ ਕੂੜਾ ਇਕੱਠਾ ਹੁੰਦਾ ਹੈ। ਇਸ ਰੁਝਾਨ ਨੂੰ ਖ਼ਤਮ ਕਰਨ ਲਈ ਜਲਦੀ ਹੀ ਸਿੱਧੂ ਫਾਊਂਡੇਸ਼ਨ ਦੇ ਬੈਨਰ ਹੇਠ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਭਾਜਪਾ ਆਗੂ ਨੇ ਕਿਹਾ ਕਿ ਸਮਾਜਿਕ ਮਸਲਿਆਂ ਦੇ ਹੱਲ ਵਿੱਚ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਸਮੇਂ ਦੀ ਲੋੜ ਵੀ ਹੈ ਕਿ ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਸੰਸਥਾਵਾਂ ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਇੱਕ ਮੰਚ ’ਤੇ ਇਕੱਠੇ ਹੋ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਮੁਹਾਲੀ ਸਾਡਾ ਆਪਣਾ ਸ਼ਹਿਰ ਹੈ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡੇਂਗੂ-ਪੇਚਸ਼ ਵਿਰੁੱਧ ਵਿੱਢੀ ਇਸ ਮੁਹਿੰਮ ਵਿੱਚ ਸਿੱਧੂ ਫਾਉਂਡੇਸ਼ਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ। ਜੇਕਰ ਕਿਸੇ ਸੈਕਟਰ ਜਾਂ ਸੁਸਾਇਟੀ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਜਾਂ ਕੋਈ ਆਮ ਨਾਗਰਿਕ ਇਹ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੇ ਰਿਹਾਇਸ਼ੀ ਖੇਤਰ ਵਿੱਚ ਫੌਗਿੰਗ ਅਤੇ ਸਫ਼ਾਈ ਦੀ ਲੋੜ ਹੈ ਤਾਂ ਉਹ ਉਕਤ ਸੰਸਥਾ ਦੇ ਵਲੰਟੀਅਰਾਂ ਨਾਲ ਸੰਪਰਕ ਕਰ ਸਕਦਾ ਹੈ। ਸੂਚਨਾ ਮਿਲਣ ਤੋਂ 6 ਘੰਟੇ ਦੇ ਅੰਦਰ ਫੌਗਿੰਗ ਯਕੀਨੀ ਬਣਾਈ ਜਾਵੇਗੀ।
ਸਿੱਧੂ ਨੇ ਕਿਹਾ ਕਿ ਗੰਦਗੀ ਦੀ ਸਮੱਸਿਆ ਜ਼ਿਆਦਾਤਰ ਗਮਾਡਾ ਅਧੀਨ ਆਉਂਦੇ ਸਲੱਮ ਏਰੀਆ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਲਈ ਅੱਜ ਇੱਥੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹੱਦ ਤੋਂ ਬਾਹਰ ਪਿੰਡ ਬਲੌਂਗੀ, ਬੜਮਾਜਰਾ, ਜੁਝਾਰ ਨਗਰ, ਜਗਤਪੁਰਾ ਅਤੇ ਕਲੋਨੀਆਂ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਕਮਲਜੀਤ ਬੰਨੀ, ਕੰਵਰਦੀਪ ਸਿੱਧੂ, ਰਾਜਿੰਦਰ ਸਿੰਘ, ਜਗਦੀਸ਼ ਸਿੰਘ, ਪ੍ਰਦੀਪ ਸੋਨੀ, ਜਸਵਿੰਦਰ ਸ਼ਰਮਾ, ਗਗਨ ਧਾਲੀਵਾਲ, ਅਸ਼ੋਕ ਕੌਂਡਲ, ਦਿਨੇਸ਼ ਕੁਮਾਰ, ਰਾਜੇਸ਼ ਲਖੋਤਰਾ, ਬਿੰਦਾ ਮਟੌਰ, ਮੱਖਣ ਸਿੰਘ, ਇਮਰਾਨ ਹੈਪੀ ਅਤੇ ਹੋਰ ਵਲੰਟੀਅਰ ਮੌਜੂਦ ਸਨ।