
ਸਿੱਧੂ ਨੇ ਸੈਕਟਰ-39 ਵੈਸਟ ’ਚ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਦਾ ਚੈੱਕ ਦਿੱਤਾ
ਪਹਿਲਾਂ ਵਾਂਗ ਮੁਹਾਲੀ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਸਾਬਕਾ ਸਿਹਤ ਮੰਤਰੀ ਤੇ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਬਹਿਲੋਲਪੁਰ ਦੀ ਪੰਚਾਇਤ ਨੂੰ ਪੰਜਾਬ ਦੇ ਹਿੱਸੇ ਵਿਚਲੇ ਸੈਕਟਰ-39 ਵੈਸਟ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੇਂਡੂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੁੰਦਿਆਂ ਕੋਵਿਡ ਦੌਰਾਨ ਪੰਜਾਬ ਵਿੱਚ ਮਿਆਰੀ ਸਿਹਤ ਸਹੂਲਤਾਂ ਜਾਰੀ ਰੱਖਣਾ ਬਹੁਤ ਵੱਡੀ ਚੁਨੌਤੀ ਸੀ, ਜਿਸ ਨੂੰ ਉਨ੍ਹਾਂ ਨੇ ਚੰਗੀ ਤਰ੍ਹਾਂ ਨਿਭਾਇਆ ਅਤੇ ਇਨ੍ਹਾਂ ਰੁਝੇਵਿਆਂ ਕਾਰਨ ਮੁਹਾਲੀ ਹਲਕੇ ਦੇ ਲੋਕਾਂ ਲਈ ਬਹੁਤ ਘੱਟ ਸਮਾਂ ਬਚਦਾ ਸੀ ਪਰ ਹੁਣ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।
ਸ੍ਰੀ ਸਿੱਧੂ ਨੇ ਐਲਾਨ ਕੀਤਾ ਕਿ ਹੁਣ ਉਹ ਆਪਣਾ ਸਾਰਾ ਧਿਆਨ ਹਲਕੇ ਦੇ ਲੋਕਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰਿਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪਿੰਡਾਂ ਦਾ ਦੌਰਾ ਕਰਨਗੇ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਅਤੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਮਨਜੀਤ ਸਿੰਘ ਰਾਣਾ ਸਰਪੰਚ ਬਹਿਲੋਲਪੁਰ, ਰਾਜਿੰਦਰ ਸਿੰਘ ਬਾਠ, ਮੁਕੇਸ਼ ਜੈਨ, ਐਮ.ਆਰ ਪੁਰੀ, ਐਸਐਲ ਸ਼ਰਮਾ, ਜੀਐਸ ਸਿੱਧੂ, ਮਨਵੀਰ ਬਾਠ, ਓਐਸ ਬਟਾਲਵੀ, ਕ੍ਰਿਸ਼ਨ ਨੰਬਰਦਾਰ ਅਤੇ ਜੀਸੀ ਚੋਪੜਾ ਹਾਜ਼ਰ ਸਨ।