
ਸਿੱਧੂ ਮੂਸੇਵਾਲਾ ਕਤਲ ਕੇਸ: ਦੀਪਕ ਮੁੰਡੀ ਸਣੇ ਤਿੰਨ ਮੁਲਜ਼ਮ ਕਾਬੂ
ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਤਿੰਨੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 10 ਸਤੰਬਰ:
ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਅੱਜ ਦਿੱਲੀ ਦੇ ਸਪੈਸ਼ਲ ਸੈਲ ਦੀ ਮਦਦ ਨਾਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੀਪਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੱਜੀ ਬਾਂਹ ਮੰਨਿਆਂ ਜਾਂਦਾ ਹੈ।
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਸਨਿੱਚਰਵਾਰ ਨੂੰ ਦੇਰ ਸ਼ਾਮ ਕਰੀਬ ਸਾਢੇ 10 ਵਜੇ ਮੁਹਾਲੀ ਏਅਰਪੋਰਟ ‘ਤੇ ਲੈ ਕੇ ਪਹੁੰਚੀ। ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਹਨਾਂ ਮੁਲਜ਼ਮਾਂ ਨੂੰ ਪੱਛਮੀ ਬੰਗਾਲ ਬਾਰਡਰ ‘ਤੇ ਸਾਂਝੇ ਅਪਰੇਸ਼ਨ ਰਾਹੀਂ ਕਾਬੂ ਕੀਤਾ ਗਿਆ ਹੈ। ਇਹ ਤਿੰਨੇ ਜਾਅਲੀ ਪਾਸਪੋਰਟ ਰਾਹੀਂ ਨੇਪਾਲ ਦੇ ਰਸ਼ਤੇ ਵਿਦੇਸ਼ ਭੇਜਣ ਦੀ ਤਾਕ ਵਿੱਚ ਸਨ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਹ ਤਿੰਨੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ।
ਇਸ ਦੌਰਾਨ ਏਅਰਪੋਰਟ ਪੁਲੀਸ ਛਾਉਣੀ ਵਿੱਚ ਤਬਦੀਲ ਸੀ।
ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਭਲਕੇ ਅੈਤਵਾਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਅੱਜ ਰਾਤ ਹੀ ਬੁਲਟ ਪਰੂਫ ਵਾਹਨਾਂ ਵਿੱਚ ਮਾਨਸਾ ਲਿਜਾਇਆ ਜਾਵੇਗਾ ਪਰ ਪੁਲੀਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬੰਬੀਹਾ ਗਰੁੱਪ ਦੀ ਧਮਕੀ ਅਤੇ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਇਹਨਾਂ ਸ਼ੂਟਰਾਂ ਨੂੰ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਦਫਤਰ ਵਿੱਚ ਵੀ ਰੱਖਿਆ ਜਾ ਸਕਦਾ ਹੈ। ਮੁਹਾਲੀ ਏਅਰਪੋਰਟ ‘ਤੇ ਜ਼ਿਲ੍ਹਾ ਪੁਲੀਸ ਮੁਹਾਲੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਧਰ, ਗੋਲਡੀ ਬਰਾੜ ਨੇ ਆਪਣੇ ਪੇਜ ‘ਤੇ ਇਹ ਪੋਸਟ ਪਾ ਕੇ ਸਪੱਸ਼ਟ ਕੀਤਾ ਹੈ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਬੇਕਸੂਰ ਹਨ। ਗੋਲਡੀ ਬਰਾੜ ਨੇ ਆਪਣੀ ਪੋਸਟ ਵਿੱਚ ਇਹਨਾਂ ਤਿੰਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਉਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ।
ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ। ਪਰ ਜੇਲ੍ਹਾਂ ਵਿੱਚ ਬੈਠ ਕੇ ਤਾਂ ਇਹ ਆਪਣਾ ਨੈੱਟਵਰਕ ਚਲਾਉਂਦੇ ਹਨ।
ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲੀਸ ਰਾਤ ਕਰੀਬ 11 ਵਜੇ ਲੈ ਕੇ ਰਵਾਨਾ ਹੋਈ। ਤਿੰਨਾਂ ਮੁਲਜ਼ਮਾਂ ਨੂੰ ਵੱਖੋ-ਵੱਖਰੇ ਵਾਹਨਾਂ ਵਿੱਚ ਲਿਜਾਇਆ ਗਿਆ ਹੈ।