ਸਿੱਧੂ ਮੂਸੇਵਾਲਾ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਤੋਂ ਹੋਏ ਵੱਡੇ ਖ਼ੁਲਾਸੇ

ਤਿਹਾੜ ਜੇਲ੍ਹ ’ਚੋਂ ਮੋਬਾਈਲ ਫੋਨ ’ਤੇ ਸਿਗਨਲ ਐਪ ਰਾਹੀਂ ਕੀਤਾ ਜਾਂਦਾ ਸੀ ਗੋਲਡੀ ਬਰਾੜ ਨਾਲ ਤਾਲਮੇਲ

ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ

ਲਾਰੈਂਸ ਬਿਸ਼ਨੋਈ ਤੇ ਗੋਰਾ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਗਈ ਕਰਾਸ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਦੀ ਟਿਕਟ ’ਤੇ ਪਹਿਲੀ ਵਾਰ ਚੋਣ ਲੜੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲੀਸ ਨੂੰ ਲਾਰੈਂਸ ਬਿਸ਼ਨੋਈ ਅਤੇ ਹੋਰਨਾਂ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਅਹਿਮ ਸੁਰਾਗ ਮਿਲੇ ਹਨ। ਉਧਰ, ਪੰਜਾਬ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ’ਤੇ ਆਪਣੀ ਹਿਰਾਸਤ ਵਿੱਚ ਲਿਆ ਹੈ। ਗੋਲਡੀ ਨੇ ਮੂਸੇਵਾਲਾ ਦੇ ਕਤਲ ਤੋਂ ਮਹਿਜ਼ ਦੋ ਘੰਟੇ ਬਾਅਦ ਗਾਇਕ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ। ਨਾਲ ਹੀ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਕਾਲਜ ਫਰੈਂਡ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੀ ਹੱਤਿਆ ਦਾ ਬਦਲਾ ਲੈ ਲਿਆ ਹੈ। ਪੁਲੀਸ ਅਨੁਸਾਰ ਲਾਰੈਂਸ ਹੀ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਹੈ। ਉਸ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਗਾਇਕਾਂ, ਅਦਾਕਾਰਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀ ਗੱਲ ਵੀ ਕਬੂਲੀ ਹੈ। ਉਸ ਨੇ ਪੁਲੀਸ ਨੂੰ ਵੀ ਇਹ ਵੀ ਦੱਸਿਆ ਕਿ ਉਹ ਤਿਹਾੜ ਜੇਲ੍ਹ ’ਚੋਂ ਹੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮੋਬਾਈਲ ਫੋਨ ’ਤੇ ਸਿਗਨਲ ਐਪ ਰਾਹੀਂ ਤਾਲਮੇਲ ਕਰਦਾ ਸੀ।
ਗੋਰਾ ਅਪਰਾਧਿਕ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ। ਉਂਜ ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਰੀਬ 9 ਕੇਸ ਦਰਜ ਹਨ। ਸੀਆਈਏ ਕੈਂਪਸ ਵਿੱਚ ਵੀਰਵਾਰ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਰਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਦੱਸ ਦਈਏ ਲਾਰੈਂਸ ਨੇ ਪੁੱਛਗਿੱਛ ਦੌਰਾਨ ਗੋਰਾ ਦਾ ਨਾਂਅ ਲਿਆ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਜਨਵਰੀ 2022 ਵਿੱਚ ਮਾਰਨ ਦੀ ਯੋਜਨਾ ਘੜੀ ਗਈ ਸੀ ਅਤੇ ਉਦੋਂ ਹੀ ਸੰਦੀਪ ਕੇਕੜਾ ਨੂੰ ਰੈਕੀ ਕਰਨ ਦੇ ਕੰਮ ’ਤੇ ਲਗਾ ਦਿੱਤਾ ਸੀ। ਚੋਣ ਮੈਦਾਨ ਵਿੱਚ ਕੁੱਦਣ ਕਾਰਨ ਮੂਸੇਵਾਲਾ ਨਾਲ ਹਰ ਪਲ ਸਕਿਉਰਿਟੀ ਰਹਿੰਦੀ ਸੀ। ਜਿਸ ਕਾਰਨ ਉਦੋਂ ਨਹੀਂ ਮਾਰਿਆ ਜਾ ਸਕਿਆ। ਇਸ ਸਬੰਧੀ ਕੇਕੜਾ ਪਲ-ਪਲ ਦੀ ਸੂਚਨਾ ਦੇ ਰਿਹਾ ਸੀ।
ਉਧਰ, ਪੁਲੀਸ ਹੁਣ ਗੈਂਗਸਟਰ ਪਵਨ ਬਿਸ਼ਨੋਈ, ਮੋਨੂ ਡਾਗਰ, ਨਸੀਬ ਖਾਨ, ਮਨਪ੍ਰੀਤ ਸਿੰਘ ਉਰਫ਼ ਮੰਨਾ ਉਰਫ਼ ਭਾਊ ਨੂੰ ਵੀ ਪੁੱਛਗਿੱਛ ਲਈ ਲਿਆ ਸਕਦੀ ਹੈ। ਇਨ੍ਹਾਂ ਨੂੰ ਵੀ ਲਾਰੈਂਸ ਬਿਸ਼ਨੋਈ ਨਾਲ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ। ਪਵਨ ਬਿਸ਼ਨੋਈ ਨੇ ਹੀ ਸ਼ੂਟਰਾਂ ਨੂੰ ਬਲੈਰੋ ਗੱਡੀ ਅਤੇ ਪਨਾਹ ਦਿੱਤੀ ਸੀ। ਮੋਨੂ ਡਾਗਰ ਨੇ ਗੋਲਡੀ ਬਰਾੜ ਦੇ ਕਹਿਣ ’ਤੇ ਸ਼ੂਟਰਾਂ ਦੀ ਇਕੱਠੀ ਕੀਤੀ ਸੀ। ਜਿਨ੍ਹਾਂ ’ਚੋਂ ਚਾਰ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਚਰਨਜੀਤ ਸਿੰਘ ਨਾਂਅ ਦੇ ਮੁਲਜ਼ਮ ਨੇ ਹਥਿਆਰ ਅਤੇ ਜਾਅਲੀ ਨੰਬਰ ਪਲੇਟਾਂ ਮੁਹੱਈਆ ਕਰਵਾਈਆਂ ਸਨ। ਇੱਕ ਪੈਟਰੋਲ ਦੀ ਪਰਚੀ ਵੀ ਪੁਲੀਸ ਦੇ ਹੱਥ ਲੱਗੀ ਹੈ। ਕਿਹਾ ਜਾ ਰਿਹਾ ਹੈ ਮੂਸੇਵਾਲਾ ਕਤਲ ਲਈ ਵਰਤੀ ਬਲੈਰੋ ਗੱਡੀ ਵਿੱਚ 25 ਮਈ ਨੂੰ ਫ਼ਤਿਆਬਾਦ ਤੋਂ ਡੀਜ਼ਲ ਪੁਆਇਆ ਸੀ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਮਿਲਣ ਤੋਂ ਬਾਅਦ ਟਰਾਂਜ਼ਿਟ ਰਿਮਾਂਡ ’ਤੇ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਨੂੰ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਰੱਖਿਆ ਗਿਆ ਹੈ। ਇਸ ਦਾ ਇੱਕ ਕਾਰਨ ਇਹ ਵੀ ਮੰਨਿਆਂ ਜਾ ਰਿਹਾ ਹੈ, ਸੀਆਈਏ ਸਟਾਫ਼ ਦਾ ਇਹ ਕੈਂਪ ਦਫ਼ਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਦੀ ਜੂਹ ਵਿੱਚ ਹੈ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਮੁੱਖ ਦਫ਼ਤਰ ਸਮੇਤ ਖ਼ੁਫ਼ੀਆ ਵਿੰਗ, ਐਸਟੀਐਫ਼, ਸਪੈਸ਼ਲ ਅਪਰੇਸ਼ਨ ਸੈੱਲ, ਓਕੋ ਸਮੇਤ ਐਂਟੀ ਗੈਂਗਸਟਰ ਸੈੱਲ ਸਥਾਪਿਤ ਹਨ। ਇੱਥੇ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ ਸਮੇਤ ਹੋਰ ਉੱਚ ਅਧਿਕਾਰੀ ਬੈਠਦੇ ਹਨ। ਜੋ ਸਮੇਂ ਸਮੇਂ ’ਤੇ ਗ੍ਰਿਫ਼ਤਾਰ ਅਪਰਾਧੀਆਂ ਤੋਂ ਪੁੱਛਗਿੱਛ ਕਰ ਸਕਦੇ ਹਨ ਜਾਂ ਉਨ੍ਹਾਂ ’ਤੇ ਆਪਣੀ ਬਾਜ ਅੱਖ ਰੱਖ ਸਕਦੇ ਹਨ। ਕਿਉਂਕਿ ਮਾਨਸਾ ਜਾ ਕੇ ਪੁੱਛਗਿੱਛ ਕਰਨ ਜਾਣਾ ਏਨਾ ਸੌਖਾ ਨਹੀਂ ਹੈ। ਉੱਥੇ ਪਹੁੰਚਣ ਲਈ ਕਾਫ਼ੀ ਸਮਾਂ ਲਗਦਾ ਹੈ।
ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ-ਹਰਿਆਣਾ ਬਾਰਡਰ ’ਤੇ ਕਿਸੇ ਥਾਂ ਟੋਆ ਪੁੱਟ ਕੇ ਆਧੁਨਿਕ ਹਥਿਆਰ ਮਿੱਟੀ ਵਿੱਚ ਦੱਬ ਦਿੱਤੇ ਸਨ। ਕਿਉਂਕਿ ਜੇਕਰ ਉਹ ਹਥਿਆਰਾਂ ਸਮੇਤ ਫਰਾਰ ਹੁੰਦੇ ਤਾਂ ਉਨ੍ਹਾਂ ਦੇ ਫੜੇ ਜਾਣ ਦਾ ਡਰ ਸੀ।
ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਪੁਲੀਸ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਹੀ ਰੱਖਿਆ ਜਾਵੇਗਾ। ਇਸ ਦਾ ਇੱਕ ਕਾਰਨ ਵੀ ਹੈ, ਸੀਆਈਏ ਦਾ ਇਹ ਕੈਂਪਸ ਦਫਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਦੀ ਜੂਹ ਵਿੱਚ ਹੈ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਮੁੱਖ ਦਫ਼ਤਰ ਸਮੇਤ ਖ਼ੁਫ਼ੀਆ ਵਿੰਗ, ਐਸਟੀਐਫ, ਸਪੈਸ਼ਲ ਅਪਰੇਸ਼ਨ ਸੈੱਲ, ਓਕੋ ਸਮੇਤ ਐਂਟੀ ਗੈਂਗਸਟਰ ਸੈੱਲ ਸਥਾਪਿਤ ਹਨ ਅਤੇ ਇੱਥੇ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ ਸਮੇਤ ਹੋਰ ਉੱਚ ਅਧਿਕਾਰੀ ਬੈਠਦੇ ਹਨ। ਜੋ ਸਮੇਂ ਸਮੇਂ ‘ਤੇ ਗ੍ਰਿਫ਼ਤਾਰ ਅਪਰਾਧੀਆਂ ਤੋਂ ਪੁੱਛਗਿੱਛ ਕਰ ਸਕਦੇ ਹਨ ਜਾਂ ਆਪਣੀ ਬਾਜ ਅੱਖ ਰੱਖ ਸਕਦੇ ਹਨ। ਮਾਨਸਾ ਜਾ ਕੇ ਪੁੱਛਗਿੱਛ ਕਰਨ ਜਾਣਾ ਏਨਾ ਸੌਖਾ ਨਹੀਂ ਹੈ।
ਉਧਰ, ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਅੱਜ ਸ਼ਾਮ ਲਾਰੈਂਸ ਬਿਸ਼ਨੋਈ ਦਾ ਰੂਟੀਨ ਚੈਕਅੱਪ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਗੈਂਗਸਟਰ ਗੁਰਿੰਦਰ ਗੋਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਹੁਸ਼ਿਆਰਪੁਰ ਜੇਲ੍ਹ ਵਿੱਚ ਭੇਜਿਆ ਗਿਆ। ਸੂਤਰਾਂ ਅਨੁਸਾਰ ਜਿੰਨਾਂ ਚਾਰ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ ਜਗਰੂਪ ਸਿੰਘ ਉਰਫ਼ ਰੂਪਾ ਵਾਸੀ ਅੰਮ੍ਰਿਤਸਰ, ਮਨੂੰ ਕੁੱਸਾ ਵਾਸੀ ਮੋਗਾ ਅਤੇ ਪ੍ਰਿਆਵਰਤ ਜੋਸ਼ੀ ਤੇ ਅੰਕਿਤ ਦੋਵੇਂ ਵਾਸੀ ਸੋਨੀਪਤ ਸ਼ਾਮਲ ਹਨ।
ਸੂਤਰ ਦੱਸਦੇ ਹਨ ਕਿ ਜਾਂਚ ਟੀਮ ਨੇ ਸਿੱਧੂ ਮੂਸੇਵਾਲਾ ਕਤਲ ਅਤੇ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਦੇਣ ਸਮੇਤ ਲਾਰੈਂਸ ਬਿਸ਼ਨੋਈ ਤੋਂ ਦਰਜਨ ਤੋਂ ਵੱਧ ਸਵਾਲ ਪੁੱਛੇ ਗਏ ਹਨ। ਪੁਲੀਸ ਨੇ ਸਵਾਲ ਕੀਤਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੇਣ ਪਿੱਛੇ ਕਾਰਨ ਸਨ, ਕੀ ਉਸ (ਲਾਰੈਂਸ) ਨੇ ਮੂਸੇਵਾਲਾ ਨੂੰ ਸਿੱਧੀ ਧਮਕੀ ਦਿੱਤੀ ਸੀ ਜਾਂ ਫਿਰੌਤੀ ਮੰਗਣ ਲਈ ਧਮਕਾਇਆ ਸੀ। ਪੰਜਾਬ ਸਮੇਤ ਤਿੰਨ ਸੂਬਿਆਂ ਦੀ ਪੁਲੀਸ ਉਸ ਦਾ ਕਿਉਂ ਨਾਂਅ ਲੈ ਰਹੀ ਹੈ, ਉਹ ਸਾਹਰੁਖ਼ ਨੂੰ ਕਦੋਂ ਤੋਂ ਜਾਣਦਾ ਹੈ ਅਤੇ ਸੁਪਾਰੀ ਕਦੋ ਤੇ ਕਿਵੇਂ ਦਿੱਤੀ। ਮੂਸੇਵਾਲਾ ’ਤੇ ਹਮਲਾ ਕਰਨ ਵਾਲੇ ਕਿੰਨੇ ਸ਼ੂਟਰ ਸਨ। ਜਦੋਂ ਉਹ ਜੇਲ੍ਹ ਵਿੱਚ ਬੈਠਾ ਹੈ ਤਾਂ ਉਸ ਦਾ ਸੋਸ਼ਲ ਮੀਡੀਆ ’ਤੇ ਅਕਾਊਂਟ ਕੌਣ ਚਲਾ ਰਿਹਾ ਹੈ। ਗੋਲਡੀ ਬਰਾੜ ਨਾਲ ਉਸ ਦਾ ਕੀ ਰਿਸ਼ਤਾ ਹੈ, ਉਹ ਕਦੋਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ। ਕੀ ਗੁਰਲਾਲ ਬਰਾੜ ਵੀ ਉਸ ਦੇ ਗਰੁੱਪ ਲਈ ਕੰਮ ਕਰਦਾ ਹੈ। ਸੰਗੀਨ ਜੁਰਮ ਦੀਆਂ ਸਾਰੀਆਂ ਕੜੀਆਂ ਉਸ ਨਾਲ ਕਿਉਂ ਜੁੜ ਰਹੀਆਂ ਹਨ ਜਾਂ ਜੋੜੀਆਂ ਜਾ ਰਹੀਆਂ ਹਨ? ਹੁਣ ਤੱਕ ਕਿਸੇ ਗਾਇਕਾ, ਅਦਾਕਾਰਾਂ ਅਤੇ ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਹੈ ਜਾਂ ਕਿੰਨੇ ਲੋਕਾਂ ਨੂੰ ਰੰਗਦਾਰੀ ਲਈ ਧਮਕਾਇਆ ਹੈ, ਵਿੱਕੀ ਮਿੱਡੂਖੇੜਾ ਕਤਲ ਮਾਮਲੇ ਸਮੇਤ ਕਈ ਹੋਰ ਸਵਾਲ ਪੁੱਛੇ ਗਏ ਹਨ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…