ਸਿੱਧੂ ਮੂਸੇਵਾਲਾ ਕੇਸ: ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਦੇ ਕੈਨੇਡਾ ਵਿੱਚ ਟਿਕਾਣਿਆਂ ਬਾਰੇ ਕੀਤਾ ਖ਼ੁਲਾਸਾ

ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਮੋਹਣਾ ਨੂੰ ਪੁੱਛਗਿੱਛ ਲਈ ਸੀਆਈਏ ਕੈਂਪ ਵਿੱਚ ਲਿਆਂਦਾ

ਜਨਵਰੀ ਮਹੀਨੇ ਤੋਂ ਮੋਹਣਾ ਦੇ ਘਰ ਦਿੱਤੀ ਗਈ ਸੀ ਸ਼ੂਟਰਾਂ ਨੂੰ ਪਨਾਹ, ਮੂਸੇਵਾਲਾ ਦੇ ਕਤਲ ਪਿੱਛੇ ਮੋਹਣੇ ਦਾ ਵੀ ਹੱਥ?

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਏ ਹਨ। ਸੂਤਰਾਂ ਦੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਹੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਕੈਨੇਡਾ ਵਿੱਚ ਉਹ (ਗੋਲਡੀ ਬਰਾੜ) ਕਿੱਥੇ ਰਹਿੰਦਾ ਹੈ ਅਤੇ ਕਿਹੜੇ-ਕਿਹੜੇ ਵਿਅਕਤੀ\ਅਪਰਾਧੀ ਉਸ ਦੇ ਸੰਪਰਕ ਵਿੱਚ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਪੁਲੀਸ ਕੋਲ ਇਹ ਮੰਨ ਚੁੱਕਾ ਹੈ ਕਿ ਉਹ ਤਿਹਾੜ ਜੇਲ੍ਹ ’ਚੋਂ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ। ਉਂਜ ਵੀ ਪੁਲੀਸ ਤੋਂ ਬਚਨ ਲਈ ਜ਼ਿਆਦਾਤਰ ਗੈਂਗਸਟਰ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਇਸੇ ਐਪ ਦੀ ਵਰਤੋਂ ਕਰਦੇ ਹਨ।
ਉਧਰ, ਮਾਨਸਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਮਨਮੋਹਨ ਸਿੰਘ ਉਰਫ਼ ਮੋਹਣਾ ਨੂੰ ਵੀ ਪੁੱਛਗਿੱਛ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਲਿਆਂਦਾ ਗਿਆ ਹੈ। ਜਿੱਥੇ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਨਾਲ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ ਹੈ। ਉਸ ਨੂੰ ਫਿਰੋਜ਼ਪੁਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਲਾਰੈਂਸ ਦੇ ਕਹਿਣ ’ਤੇ ਮੂਸੇਵਾਲਾ ਦੀ ਰੇਕੀ ਕਰਵਾਉਣ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਮੋਹਣਾ ਪਹਿਲਾਂ ਹੀ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਤਲ ਕਰਵਾਉਣ ਦਾ ਬਾਅਦ ਖ਼ੁਦ ਪ੍ਰਧਾਨ ਬਣਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਹੈ। ਉਸ ਦੇ ਖ਼ਿਲਾਫ਼ 302 ਅਤੇ 307 ਸਮੇਤ ਹੋਰ ਧਰਾਵਾਂ ਤਹਿਤ ਕਈ ਪਰਚੇ ਦਰਜ ਹਨ। ਹਾਲਾਂਕਿ ਉਹ ਕਾਫ਼ੀ ਸਮੇਂ ਤੋਂ ਆਪਣਾ ਵੱਖਰਾ ਗਰੁੱਪ ਚਲਾ ਰਿਹਾ ਸੀ ਪਰ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ ਸੀ। ਪੁੱਛਗਿੱਛ ਵਿੱਚ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਨਵਰੀ ਵਿੱਚ ਚਾਰ ਸ਼ੂਟਰਾਂ ਨੇ ਮੋਹਣਾ ਦੇ ਘਰ ਪਨਾਹ ਲਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜੀ ਸੀ ਅਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਬੰਦਿਆਂ ਨੇ ਚੋਣ ਪ੍ਰਚਾਰ ਦੌਰਾਨ ਵੀ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰ ਚੋਣਾਂ ਸਮੇਂ ਉਸ (ਮੂਸੇਵਾਲਾ) ਨਾਲ ਹਰ ਵੇਲੇ ਸਮਰਥਕਾਂ ਦੀ ਭੀੜ ਰਹਿੰਦੀ ਸੀ ਅਤੇ ਹੁਕਮਰਾਨ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਸੁਰੱਖਿਆ ਘੇਰਾ ਵੀ ਕਾਫ਼ੀ ਮਜ਼ਬੂਤ ਸੀ। ਜਿਸ ਕਾਰਨ ਮੁਲਜ਼ਮ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਗੈਂਗਸਟਰ ਗਰੁੱਪਾਂ ਨੇ ਰੇਕੀ ਲਈ ਮਨਮੋਹਨ ਮੋਹਣਾ ਅਤੇ ਸੰਦੀਪ ਕੇਕੜਾ ਦੀ ਚੋਣ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਇਹ ਦੋਵੇਂ ਇਲਾਕੇ ਦੇ ਚੰਗੇ ਭੇਤੀ ਸੀ।
ਮੂਸੇਵਾਲਾ ’ਤੇ ਨਜ਼ਰ ਰੱਖਣ ਲਈ ਕੇਕੜਾ ਪਿੰਡ ਮੂਸਾ ਵਿੱਚ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਰਹਿੰਦਾ ਰਿਹਾ ਹੈ। ਵਾਰਦਾਤ ਵਾਲੇ ਦਿਨ ਵੀ ਉਹ ਕਰੀਬ ਪੌਣਾ ਘੰਟਾ ਮੂਸੇਵਾਲਾ ਦੇ ਘਰ ਰਿਹਾ ਅਤੇ ਸੈਲਫ਼ੀ ਲੈਣ ਸਮੇਤ ਉਸ ਨੇ ਉੱਥੇ ਚਾਹ ਵੀ ਪੀਤੀ ਸੀ। ਮੂਸੇਵਾਲਾ ਨੂੰ ਮਾਰਨ ਲਈ ਵਰਤੀ ਗਈ ਕਰੋਲਾ ਗੈਂਗਸਟਰ ਮਨਪ੍ਰੀਤ ਮੰਨਾ ਦੇ ਨਾਂ ’ਤੇ ਰਜਿਸਟਰਡ ਹੈ। ਉਸ ਨੇ ਗੈਂਗਸਟਰ ਭਾਊ ਰਾਹੀਂ ਆਪਣੀ ਇਹ ਗਲਜ਼ਰੀ ਗੱਡੀ ਸ਼ੂਟਰਾਂ ਨੂੰ ਮੁਹੱਈਆ ਕਰਵਾਈ ਸੀ। ਹਾਲਾਂਕਿ ਮੰਨਾ ਜੇਲ੍ਹ ਵਿੱਚ ਬੰਦ ਸੀ ਪਰ ਉਸ ਨੂੰ ਮੂਸੇਵਾਲਾ ਦੀ ਹੱਤਿਆ ਬਾਰੇ ਪੂਰੀ ਜਾਣਕਾਰੀ ਸੀ। ਉਸ ਨੇ ਆਪਣੇ ਸਾਥੀਆਂ ਨੂੰ ਵੀ ਸ਼ੂਟਰਾਂ ਨੂੰ ਸਹਿਯੋਗ ਦੇਣ ਲਈ ਨਿਰਦੇਸ਼ ਦਿੱਤੇ ਸੀ। ਪੁਲੀਸ ਇੱਕ ਇੱਕ ਕੜੀ ਨੂੰ ਜੋੜ ਕੇ ਮੁਲਜ਼ਮਾਂ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਇੱਕ ਮਜ਼ਬੂਤ ਸੰਗਲ ਤਿਆਰ ਕਰਨ ਵਿੱਚ ਜੁੱਟ ਗਈ ਹੈ। ਉਧਰ, ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਅੱਜ ਦੁਬਾਰਾ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਚੈੱਕਅਪ ਕੀਤਾ ਗਿਆ।
ਉਧਰ, ਭਰੋਸੇਯੋਗ ਸੂਤਰਾਂ ਤੋਂ ਵੀ ਇਹ ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਨ ਉਹ ਹੱਤਿਆ ਤੋਂ ਪਹਿਲਾਂ ਪਿਛਲੇ ਕਰੀਬ 20-25 ਦਿਨਾਂ ਤੋਂ ਆਪਣੇ ਘਰ ਵਿੱਚ ਹੀ ਕੈਦ ਸੀ। ਜਿਸ ਕਾਰਨ ਉਹ ਘਰ ਦੀ ਚਾਰਦੀਵਾਰੀ ਅੰਦਰ ਰਹਿ ਕੇ ਬਹੁਤ ਅੱਕ ਚੁੱਕਾ ਸੀ। ਵਾਰਦਾਤ ਵਾਲੇ ਦਿਨ ਵੀ ਉਹ ਆਪਣੀ ਭੂਆ ਨੂੰ ਮਿਲਣ ਜਾਣ ਦੀ ਜ਼ਿੱਦ ਕਰਕੇ ਇਹ ਸੋਚ ਕੇ ਘਰੋਂ ਬਾਹਰ ਨਿਕਲਿਆ ਸੀ ਕਿ ਦੇਖਿਆ ਜਾਵੇਗਾ, ਜੋ ਹੋਵੇਗਾ। ਆਖ਼ਰਕਾਰ ਉਹੀ ਹੋਇਆ, ਜਿਸ ਦਾ ਡਰ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਪੁਲੀਸ ਸੁਰੱਖਿਆ ’ਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਮੂਸੇਵਾਲਾ ਦੀ ਜਾਨ ਨੂੰ ਖ਼ਤਰਾ ਸੀ ਤਾਂ ਖ਼ੁਫ਼ੀਆ ਵਿੰਗ ਨੇ ਸਰਕਾਰ ਨੂੰ ਅਗਾਊਂ ਅਲਰਟ ਕਿਉਂ ਨਹੀਂ ਕੀਤਾ। ਜੇ ਕੀਤਾ ਸੀ ਤਾਂ ਫਿਰ ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ। ਇਹ ਸਾਰੇ ਸਵਾਲ ਗੰਭੀਰ ਚਿੰਤਾ ਦਾ ਵਿਸ਼ਾ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…