ਸਿੱਧੂ ਮੂਸੇਵਾਲਾ ਕੇਸ: ਲਾਰੈਂਸ ਬਿਸ਼ਨੋਈ ਤੋਂ ਸੀਆਈਏ ਕੈਂਪਸ ਵਿੱਚ ਕੀਤੀ ਲੰਮੀ ਪੁੱਛਗਿੱਛ, ਜਾਣੋਂ ਕੀ-ਕੀ ਪੁੱਛਿਆ

ਮੁਹਾਲੀ ਤੋਂ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਦੋ ਗੈਂਗਸਟਰਾਂ ਨੂੰ ਲਾਰੈਂਸ ਬਿਸ਼ਨੋਈ ਨਾਲ ਬਿਠਾ ਕੇ ਕੀਤੀ ਕਰਾਸ ਪੁੱਛਗਿੱਛ

ਸੀਆਈਏ ਕੈਂਪਸ ’ਚੋਂ ਦੋ ਗੈਂਗਸਟਰਾਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਕੇ ਗਈ ਮਾਨਸਾ ਪੁਲੀਸ

ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹਮਲੇ, ਸਿੱਧੂ ਮੂਸੇਵਾਲਾ ਤੇ ਵਿੱਕੀ ਮਿੱਡੂਖੇੜਾ ਕਤਲ ਬਾਰੇ ਕੀਤੀ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 15 ਜੂਨ:
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਅੱਜ ਸਵੇਰੇ ਕਰੀਬ ਸਵਾ ਕੁ 8 ਵਜੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਖਰੜ ਵਿੱਚ ਲਿਆਂਦਾ ਗਿਆ। ਜਿੱਥੇ ਸੀਨੀਅਰ ਪੁਲੀਸ ਅਫ਼ਸਰਾਂ ਦੀਆਂ ਵੱਖ-ਵੱਖ ਟੀਮਾਂ ਨੇ ਵਾਰੋ-ਵਾਰੀ ਸਿੱਧੂ ਮੂਸੇਵਾਲਾ ਅਤੇ ਵਿੱਕੀ ਮਿੱਡੂਖੇੜਾ ਹੱਤਿਆ ਕਾਂਡ ਸਮੇਤ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਹਮਲੇ ਬਾਰੇ ਪੁੱਛਗਿੱਛ ਕੀਤੀ ਗਈ।
ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਰੰਟ ਅਤੇ ਟਰਾਂਜ਼ਿਟ ਰਿਮਾਂਡ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਲਿਆਂਦਾ ਗਿਆ ਸੀ। ਪੁਲੀਸ ਉਸ ਨੂੰ ਅੱਜ ਸਵੇਰੇ ਕਰੀਬ ਚਾਰ ਵਜੇ ਮਾਨਸਾ ਲੈ ਕੇ ਪਹੁੰਚੀ ਸੀ। ਜਿੱਥੇ ਸੁਵੱਖਤੇ ਹੀ ਅਦਾਲਤ ਵਿੱਚ ਪੇਸ਼ ਕਰਕੇ ਲਾਰੈਂਸ ਬਿਸ਼ਨੋਈ ਦਾ ਸੱਤ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਖਰੜ ਲਿਆਂਦਾ ਗਿਆ। ਜਿੱਥੇ ਮੁਹਾਲੀ ਪੁਲੀਸ ਵੱਲੋਂ ਬੀਤੇ ਕੱਲ੍ਹ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ’ਚੋਂ ਅਸਲੇ ਸਣੇ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਦੋ ਸਾਥੀਆਂ ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਲਾਰੈਂਸ ਬਿਸ਼ਨੋਈ ਨਾਲ ਆਹਮੋ-ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ। ਇੱਥੇ ਜ਼ਿਆਦਾ ਹਲਚਲ ਵਧਣ ਵਧਣ ਕਾਰਨ ਪੁਲੀਸ ਨੇ ਸੀਆਈਏ ਸਟਾਫ਼ ਨੂੰ ਜਾਂਦਾ ਰਸਤਾ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਵੀ ਮੀਡੀਆ ਕਰਮੀ ਜਾਂ ਆਮ ਲੋਕਾਂ ਨੂੰ ਇੱਧਰ ਨਹੀਂ ਜਾਣਾ ਦਿੱਤਾ।
ਹਾਲਾਂਕਿ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਸਮੇਤ ਪੰਜਾਬ ਪੁਲੀਸ ਦੇ ਹੋਰ ਸੀਨੀਅਰ ਅਫ਼ਸਰਾਂ ਨੇ ਖ਼ੁਦ ਵੀ ਪੁੱਛਗਿੱਛ ਕੀਤੀ ਗਈ ਹੈ ਪ੍ਰੰਤੂ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਡੀਐਸਪੀ ਬਰਾੜ ਹੁਣ ਤੱਕ ਕਈ ਖੂੰਖਾਰ ਗੈਂਗਸਟਰਾਂ ਨੂੰ ਕਾਬੂ ਕਰ ਚੁੱਕੇ ਹਨ ਅਤੇ ਅਪਰਾਧੀਆਂ ਨਾਲ ਕਈ ਵਾਰ ਮੁਕਾਬਲੇ ਦੌਰਾਨ ਵਰ੍ਹਦੀਆਂ ਗੋਲੀਆਂ ਦਾ ਸਾਹਮਣਾ ਕਰ ਚੁੱਕੇ ਹਨ। ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਵੀ ਬਰਾੜ ਨੇ ਹੀ ਫੜਿਆ ਸੀ।
ਉਧਰ, ਸੀਆਈਏ ਸਟਾਫ਼ ਦੇ ਬਾਹਰ ਟਰਾਈਸਿਟੀ ਦਾ ਮੀਡੀਆ ਇਕੱਠਾ ਹੋਣ ਅਤੇ ਲਾਈਵ ਪ੍ਰਸ਼ਾਸਨ ਹੋਣ ਕਾਰਨ ਪੁਲੀਸ ਨੇ ਜਾਂਚ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਾਹਰ ਕਰਦਿਆਂ ਮੀਡੀਆ ਨੂੰ ਭੁਲੇਖਾ ਪਾਉਣ ਲਈ ਅਜੀਬ ਕਿਸਮ ਦੀ ਲੁਕਣ ਮਿਚੀ ਖੇਡੀ ਗਈ। ਪੰਜਾਬ ਦਾ ਇੱਕ ਵੱਡਾ ਕਾਫ਼ਲਾ ਜਿਸ ਵਿੱਚ ਬੁਲਟ ਪਰੂਫ਼ ਗੱਡੀ ਵੀ ਸ਼ਾਮਲ ਸੀ ਨਾਲ ਸੀਆਈਏ ਸਟਾਫ਼ ਤੋਂ ਕਿਧਰੇ ਹੋਰ ਥਾਂ ਜਾਣ ਲਈ ਰਵਾਨਾ ਹੋ ਗਿਆ ਅਤੇ ਮੀਡੀਆ ਕਰਮੀਆਂ ਨੇ ਵੀ ਆਪਣੇ ਵਾਹਨ ਇਸ ਕਾਫ਼ਲੇ ਦੇ ਪਿੱਛੇ ਦੌੜਾ ਲਏ ਪ੍ਰੰਤੂ ਰਸਤੇ ਵਿੱਚ ਪੁਲੀਸ ਨੇ ਆਪਣੇ ਵੱਖੋ-ਵੱਖਰੇ ਤਿੰਨ ਕਾਫ਼ਲੇ ਬਣਾ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਰਵਾਨਾ ਹੋ ਗਏ। ਇਹ ਰੌਲਾ ਪੈ ਗਿਆ ਕਿ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਈ ਹੈ। ਇਸ ਮਗਰੋਂ ਪੁਲੀਸ ਨੇ ਸੀਆਈਏ ਸਟਾਫ਼ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ। ਪੁਲੀਸ ਨੂੰ ਮੁਲਜ਼ਮਾਂ ਤੋਂ ਕਈ ਗੁੱਝੇ ਭੇਤ ਖੁੱਲ੍ਹਣ ਦੀ ਉਮੀਦ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਨੂੰ ਜਾਨੋਂ ਮਾਰਨ ਲਈ ਇਸੇ ਸਾਲ ਜਨਵਰੀ ਤੋਂ ਹੀ ਰੈਕੀ ਕੀਤੀ ਜਾ ਰਹੀ ਸੀ। ਇਸ ਕੰਮ ’ਤੇ ਲਗਾਏ ਮੁਲਜ਼ਮਾਂ ਨੂੰ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਹੀ ਵੱਖ-ਵੱਖ ਟਿਕਾਣਿਆਂ ’ਤੇ ਪਨਾਹ ਦਿੱਤੀ ਗਈ ਸੀ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਕੌਣ ਸਨ। ਪੰਜਾਬੀ ਗਾਇਕ ਨੂੰ ਮਾਰਨ ਅਤੇ ਖ਼ੁਫ਼ੀਆ ਵਿੰਗ ਦੈ ਮੁੱਖ ਦਫ਼ਤਰ ’ਤੇ ਹੋਏ ਹਮਲੇ ਦੀ ਯੋਜਨਾ ਕਿੱਥੇ ਬੈਠ ਕੇ ਘੜੀ ਗਈ ਸੀ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਿਹੜੇ ਆਧੁਨਿਕ ਹਥਿਆਰ ਵਰਤੇ ਗਏ ਸਨ, ਉਹ ਕਿੱਥੋਂ ਆਏ ਸੀ ਅਤੇ ਕਿਸ ਨੇ ਮੁਹੱਈਆ ਕਰਵਾਏ ਸੀ। ਕੀ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਤੋਂ ਅਤਿਵਾਦੀ ਬਣੇ ਰਿੰਦਾ ਦਾ ਵੀ ਹੱਥ ਹੈ। ਕਿਉਂਕਿ ਆਧੁਨਿਕ ਹਥਿਆਰਾਂ ਬਾਰੇ ਪਾਕ ਤੋਂ ਸਪਲਾਈ ਹੋਣ ਦੀ ਸੰਕਾ ਪ੍ਰਗਟ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …