ਬਲਬੀਰ ਸਿੱਧੂ ਵੱਲੋਂ ਮੁਹਾਲੀ ਦੇ ਵਿਕਾਸ ਲਈ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ

‘ਆਜ਼ਾਦ ਗਰੁੱਪ ‘ਖੁਦਗਰਜ਼, ਨਿੱਜਪ੍ਰਸਤ ਤੇ ਮੌਕਾਪ੍ਰਸਤ’ ਵਿਅਕਤੀਆਂ ਦਾ ਨਾਪਾਕ ਗੱਠਜੋੜ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਤਾਂ ਕਿ ਸ਼ਹਿਰ ਦੇ ਬਹੁਪੱਖੀ ਅਤੇ ਇਕਸਾਰ ਵਿਕਾਸ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਧੂਆਂਧਾਰ ਪ੍ਰਚਾਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਤੋੜ ਕੇ ਇਸ ਨੂੰ ਬੁਲੰਦੀਆਂ ਉੱਤੇ ਲੈ ਕੇ ਜਾਣ ਲਈ ਇਹ ਬਹੁਤ ਲਾਜ਼ਮੀ ਹੈ ਮਿਉਂਸਪਲ ਕਾਰਪੋਰੇਸ਼ਨ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁਹਾਲੀ ਨਾਲ ਖਾਸ ਲਗਾਅ ਹੈ ਕਿਉਂਕਿ ਇਹੀ ਉਹ ਪਾਰਟੀ ਹੈ ਜਿਸ ਦੀਆਂ ਸਰਕਾਰਾਂ ਨੇ ਮੋਹਾਲੀ ਸ਼ਹਿਰ ਵਸਾਇਆ ਅਤੇ ਫਿਰ ਇਸ ਦੇ ਵਿਕਾਸ ਲਈ ਇਸ ਨੂੰ ਜ਼ਿਲ੍ਹਾ ਬਣਾਉਣ ਸਮੇਤ ਨਵੇਂ ਨਵੇਂ ਪ੍ਰਾਜੈਕਟ ਲਿਆਂਦੇ।
ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੁਹਾਲੀ ਦੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ ਜਿਸ ਦਾ ਪ੍ਰਗਟਾਵਾ ਇਸ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਹੁਤ ਹੀ ਸੂਝਵਾਨ ਅਤੇ ਸਮਾਜ ਸੇਵਾ ਦੇ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਉਮੀਦਾਵਾਰਾਂ ਦੀ ਜ਼ਾਮਨੀ ਲੈਂਦੇ ਹਨ ਕਿ ਉਹ ਤਨ, ਮਨ ਅਤੇ ਧਨ ਨਾਲ ਲੋਕਾਂ ਦੈ ਸੇਵਾ ਕਰਨਗੇ ਅਤੇ ਆਪਣੇ ਵਾਰਡ ਦੇ ਵਿਕਾਸ ਵਿਚ ਪੂਰਾ ਧਿਆਨ ਦੇਣਗੇ।
ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਬਣਾਏ ਗਏ ਆਜ਼ਾਦ ਗਰੁੱਪ ਨੂੰ ‘ਖ਼ੁਦਗਰਜ਼, ਨਿੱਜਪ੍ਰਸਤ ਅਤੇ ਮੌਕਾਪ੍ਰਸਤ’ ਵਿਅਕਤੀਆਂ ਦਾ ਨਾਪਾਕ ਗਠਜੋੜ ਕਰਾਰ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਲੰਬਾ ਸਮਾਂ ਮਿਉਂਸਪਲ ਕਾਰਪੋਰੇਸ਼ਨ ਉੱਤੇ ਕਾਬਜ਼ ਰਹਿਣ ਦੇ ਬਾਵਜੂਦ ਇਨ੍ਹਾਂ ਲੋਕਾਂ ਦਾ ਮੁਹਾਲੀ ਦੇ ਵਿਕਾਸ ਵਿਚ ਭੋਰਾ ਵੀ ਯੋਗਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਖੌਤੀ ਆਜ਼ਾਦ ਗਰੁੱਪ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਟੀਮ ਹੈ ਜਿਸ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਕਿਸਾਨੀ ਕਾਨੂੰਨਾਂ ਵਿੱਚ ਆਪਣੀ ਪਾਰਟੀ ਦੀ ਸ਼ੱਕੀ ਭੂਮਿਕਾ ਕਾਰਨ ਲੋਕਾਂ ਵਿੱਚ ਪੈਦਾ ਹੋਏ ਰੋਹ ਤੋਂ ਡਰਦਿਆਂ ਇਹਨਾਂ ਅਕਾਲੀ ਅਹੁਦੇਦਾਰਾਂ ਨੂੰ ‘ਆਜ਼ਾਦ ਗਰੁੱਪ’ ਦਾ ਮਖੌਟਾ ਪਵਾ ਦਿੱਤਾ ਹੈ।
ਸ੍ਰੀ ਸਿੱਧੂ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਨਾ ਹੋਣ ਦੇ ਕੀਤੇ ਗਏ ਪ੍ਰਣ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2015 ਦੀ ਚੋਣ ਤੋਂ ਬਾਅਦ ਇਸ ਵਿਅਕਤੀ ਨੇ ਕਾਂਗਰਸ ਪਾਰਟੀ ਦੀ ਹਿਮਾਇਤ ਨਾਲ ਮੇਅਰ ਬਣਣ ਸਮੇਂ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਪ੍ਰਣ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਰ ਵਾਰੀ ਦੀ ਤਰਾਂ ਕੁਲਵੰਤ ਸਿੰਘ ਅਤੇ ਉਸ ਦੇ ਸਾਥੀ ਇਹਨਾਂ ਚੋਣਾਂ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਦੀ ਬੁੱਕਲ ਵਿੱਚ ਜਾ ਬੈਠਣਗੇ।
ਸਿਹਤ ਮੰਤਰੀ ਨੇ ਆਮ ਆਦਮੀ ਪਾਰਟੀ ਉੱਤੇ ਤਨਜ਼ ਕਸਦਿਆਂ ਕਿਹਾ ਕਿ ਧਨਾਢ ਵਪਾਰੀ ਅਤੇ ਕਈ ਕੰਪਨੀਆਂ ਦੇ ਮਾਲਕ ਕੁਲਵੰਤ ਸਿੰਘ ਦੀ ਹਮਾਇਤ ਕਰ ਕੇ ਇਸ ਨੇ ਆਮ ਆਦਮੀ ਨਾਲ ਦਗਾ ਕਮਾਇਆ ਹੈ, ਇਸ ਲਈ ਲੋਕ ਇਨ੍ਹਾਂ ਦੇ ਅਗੂਆਂ ਦੀ ਕਿਸੇ ਗੱਲ ਉੱਤੇ ਕੰਨ ਨਹੀਂ ਧਰਨਗੇ। ਅਕਾਲੀ ਦਲ ਅਤੇ ਭਾਜਪਾ ਨੂੰ ਚੋਣ ਮੁਕਾਬਲੇ ਤੋਂ ਬਾਹਰ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਤਾਂ ਲੋਕ ਰੋਹ ਤੋਂ ਡਰਦਿਆਂ ਜਾਂ ਤਾਂ ਕਾਗਜ਼ ਹੀ ਨਹੀਂ ਭਰੇ ਅਤੇ ਜਾਂ ਜਾਣਬੁਝ ਕੇ ਨੁਕਸ ਰੱਖ ਕੇ ਰੱਦ ਕਰਵਾ ਲਏ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਕਾਬਜ਼ ਗਰੁੱਪ ਨੂੰ ਹਰਾ ਕੇ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ, ਚੋਣਾਂ ਵਾਲੇ ਦਿਨ ਤਾਂ ਸਿਰਫ਼ ਬਟਨ ਦੱਬਣਾ ਹੈ।

Load More Related Articles

Check Also

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ ਫਾਈਨਲ…