nabaz-e-punjab.com

ਲੋਕ ਅਕਾਲੀਆਂ ਵੱਲੋਂ ਰਚੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਦਾ ਜਵਾਬ ਮੰਗਣ: ਸਿੱਧੂ

‘ਬਾਦਲ ਪਰਿਵਾਰ ਪੰਥਕ ਸੰਸਥਾਵਾਂ ਨੂੰ ਅਮਰ ਵੇਲ੍ਹ ਬਣਕੇ ਚਿੰਬੜਿਆ’:
ਪੰਚਾਇਤੀ ਚੋਣਾਂ ਵਿੱਚ ਅਕਾਲੀਆਂ ਨੂੰ ਕਰਾਰੀ ਹਾਰ ਦੇਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂੂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਵੋਟਾਂ ਬਟੋਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੀ ਸਾਜ਼ਿਸ਼ ਰਚਨ ਵਾਲੇ ਸ੍ਰੋਮਣੀ ਅਕਾਲੀ ਦੇ ਆਗੂਆਂ ਤੋਂ ਇਸ ਘਿਨਾਉਣੇ ਪਾਪ ਦਾ ਜਵਾਬ ਮੰਗਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਸ ਸਾਜ਼ਿਸ਼ ਵਿੱਚ ਕਿਹੜੀਆਂ-ਕਿਹੜੀਆਂ ਸ਼ਕਤੀਆਂ ਅਤੇ ਵਿਅਕਤੀ ਸ਼ਾਮਲ ਸਨ। ਅੱਜ ਇੱਥੇ ਫੇਜ਼-1 (ਉਦਯੋਗਿਕ ਖੇਤਰ) ਸਥਿਤ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਮੁੱਖ ਦਫ਼ਤਰ ਵਿੱਚ ਅਗਾਮੀ ਪੰਚਾਇਤ ਸੰਮਤੀ ਚੋਣਾਂ ਸਬੰਧੀ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਸੱਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਪਿੱਛੇ ਸ੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਦਾ ਹੱਥ ਸੀ ਅਤੇ ਇਹਨਾਂ ਨੂੰ ਪੰਜਾਬ ਦੀ ਅਕਾਲੀ ਸਰਕਾਰ ਦਾ ਪੂਰਾ-ਪੂਰਾ ਥਾਪੜਾ ਸੀ।
ਸ੍ਰੀ ਸਿੱਧੂ ਨੇ ਸ੍ਰੋਮਣੀ ਅਕਾਲੀ ਦਲ ਉੱਤੇ ਕਾਬਜ਼ ਬਾਦਲ ਪਰਿਵਾਰ ਉੱਤੇ ਸਮੂਹ ਪੰਥਕ ਸੰਸਥਾਵਾਂ, ਸਿਧਾਂਤਾਂ ਅਤੇ ਪ੍ਰੰਪਰਾਵਾਂ ਦਾ ਘਾਣ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਉੱਤੇ ਅਮਰਵੇਲ ਬਣਕੇ ਛਾਏ ਹੋਏ ਇਸ ਪਰਿਵਾਰ ਨੇ ਹਮੇਸ਼ਾ ਹੀ ਖਾਲਸਾ ਪੰਥ ਦੇ ਨਿਵੇਕਲੇ ‘ਸ਼ਬਦ—ਗੁਰੂ’ ਦੇ ਸਿਧਾਂਤ ਨੂੰ ਖੋਰਾ ਲਾਇਆ ਹੈ। ਉਹਨਾਂ ਕਿਹਾ ਕਿ 1978 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਵੋਟਾਂ ਦੀ ਖਾਤਰ ਅੰਮ੍ਰਿਤਸਰ ਵਿੱਚ ਦੋ ਧਿਰਾਂ ਦਾ ਖੂਨੀ ਟਕਰਾਅ ਕਰਵਾਇਆ, ਜਿਸ ਵਿੱਚ ੧੬ ਵਿਅਕਤੀਆਂ ਦੀਆਂ ਜਾਨਾਂ ਅਜਾਂਈਂ ਚਲੀਆਂ ਗਈਆਂ ਸਨ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਦਰਦਨਾਕ ਘਟਨਾ ਵਿੱਚੋਂ ਪੈਦਾ ਹੋਈ ਹਿੰਸਾ-ਦਰ-ਹਿੰਸਾ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ 15 ਸਾਲ ਡੂੰਘਾ ਸੰਤਾਪ ਭੋਗਣਾ ਪਿਆ ਸੀ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ ਅਰਸੇ ਦੌਰਾਨ ਤਾਂ ਨੀਚਤਾ ਦੇ ਸਾਰੇ ਹੱਦ ਬੰਨ੍ਹੇ ਹੀ ਟੁੱਟ ਗਏ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਗਲੀਆਂ ਵਿੱਚ ਰੋਲੇ ਗਏ ਅਤੇ ਗੀਤਾ, ਬਾਈਬਲ ਅਤੇ ਕੁਰਾਨ ਸਰੀਫ ਵਰਗੇ ਧਾਰਮਿਕ ਗ੍ਰੰਥਾਂ ਦੀ ਵੀ ਬੇਹੁਰਮਤੀ ਕੀਤੀ ਗਈ।
ਸ੍ਰੀ ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਜਿੱਥੇ ਪੰਥਕ ਸਿਧਾਂਤਾਂ, ਸੰਸਥਾਵਾਂ ਅਤੇ ਪਰੰਪਰਾਵਾਂ ਦਾ ਘਾਣ ਕਰਕੇ ਪੰਥਕ ਹਿੱਤਾਂ ਦਾ ਨੁਕਸਾਨ ਕੀਤਾ ਹੈ ਉੱਥੇ ਪੰਜਾਬ ਨੂੰ ਬੜੀ ਬੇਦਰਦੀ ਨਾਲ ਲੁੱਟ ਕੇ ਇੱਥੋਂ ਦੇ ਲੋਕਾਂ ਸਿਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਆਪਣੇ ਸੱਤ ਸਿਤਾਰਾ ਹੋਟਲ ਅਤੇ ਅੌਰਬਿਟ ਰਿਜ਼ੌਰਟ ਵਰਗੀਆਂ ਕੰਪਨੀਆਂ ਖੜ੍ਹੀਆਂ ਕਰਨ ਲਈ ਪੰਜਾਬ ਵਿੱਚ ਭੂ-ਮਾਫੀਆ, ਡਰੱਗ ਮਾਫੀਆ, ਰੇਤਾ-ਬਜ਼ਰੀ ਮਾਫੀਆ ਅਤੇ ਕੇਬਲ ਮਾਫੀਆ ਪੈਦਾ ਕਰਕੇ ਹਰ ਕਾਰੋਬਾਰ ਉੱਤੇ ਕਬਜ਼ਾ ਕੀਤਾ ਅਤੇ ਨੈਤਿਕਤਾ ਦੇ ਸਾਰੇ ਹੱਦ-ਬੰਨ੍ਹੇ ਤੋੜ ਕੇ ਮਾਇਆ ਇਕੱਠੀ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਇਹ ਬਹੁਤ ਹੀ ਲਾਜ਼ਮੀ ਹੈ ਕਿ ਬਾਦਲ ਪਰਿਵਾਰ ਨੂੰ ਸੂਬੇ ਦੇ ਸਿਆਸੀ ਅਤੇ ਪੰਥਕ ਪਿੜ ਵਿੱਚੋਂ ਪੂਰੀ ਤਰ੍ਹਾਂ ਖਦੇੜ ਦਿੱਤਾ ਜਾਵੇ।
ਸ੍ਰੀ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਣਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦਾ ਵਾਸਤਾ ਪਾ ਕੇ ਇਹ ਅਪੀਲ ਵੀ ਕੀਤੀ ਕਿ ਆ ਰਹੀਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਇੱਕ ਵੀ ਅਕਾਲੀ ਉਮੀਦਵਾਰ ਨਹੀਂ ਜਿੱਤਣਾ ਚਾਹੀਦਾ। ਉਨ੍ਹਾਂ ਮੀਟਿੰਗ ਦੌਰਾਨ ਇੱਕਤਰ ਹੋਏ ਕਾਂਗਰਸੀ ਵਰਕਰਾਂ ਨੂੰ ਚੋਣ ਪ੍ਰਚਾਰ ਆਰੰਭ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਭਗਤ ਸਿੰਘ ਨਾਮਧਾਰੀ ਮੌਲੀ ਬੈਦਵਾਨ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਹਰਨੇਕ ਸਿੰਘ ਨੇਕੀ, ਚੌਧਰੀ ਰਿਸ਼ੀ ਪਾਲ ਸਨੇਟਾ, ਸ਼ੇਰ ਸਿੰਘ ਦੈੜੀ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੌਰੀ, ਪੰਡਿਤ ਭੁਪਿੰਦਰ ਕੁਮਾਰ ਨਗਾਰੀ, ਰਣਜੀਤ ਸਿੰਘ ਗਿੱਲ ਜਗਤਪੁਰਾ, ਛੱਜਾ ਸਿੰਘ ਸਰਪੰਚ ਕੁਰੜੀ, ਹਰਚੰਦ ਸਿੰਘ ਗਿੱਲ ਸਾਬਕਾ ਸਰਪੰਚ ਲਾਡਰਾਂ, ਜਗਰੂਪ ਸਿੰਘ ਢੋਲ ਕੁਰੜੀ, ਜੱਸੀ ਬੱਲੋਮਾਜਰਾ, ਸੋਮਨਾਥ ਸਾਬਕਾ ਸਰਪੰਚ ਗੁਡਾਣਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਦਵਿੰਦਰ ਸਿੰਘ ਸਾਬਕਾ ਸਰਪੰਚ ਕੁਰੜਾ, ਜਗਤਾਰ ਸਿੰਘ ਬਾਕਰਪੁਰ, ਸੁਰਿੰਦਰ ਪਾਲ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ, ਵਜੀਦ ਸਿੰਘ ਸਾਬਕਾ ਸਰਪੰਚ ਬਠਲਾਣਾ, ਹਰਭਜਨ ਸਿੰਘ ਰਾਏਪੁਰ ਕਲਾਂ, ਸੁਦੇਸ ਕੁਮਾਰ ਗੋਗਾ ਭਾਗੋਮਾਜਰਾ, ਜਸਵਿੰਦਰ ਸਿੰਘ ਗਿੱਦੜਪੁਰ, ਗਿਆਨੀ ਗੁਰਮੇਲ ਸਿੰਘ, ਮਨੌਲੀ, ਮੇਜਰ ਸਿੰਘ ਮਨੌਲੀ, ਬਲਵੀਰ ਸਿੰਘ, ਗੋਬਿੰਦਗੜ੍ਹ, ਇੰਦਰਜੀਤ ਸ਼ਾਮਪੁਰ, ਜਸਮੇਰ ਸਿੰਘ ਸ਼ਾਮਪੁਰ, ਅਜਮੇਰ ਸਿੰਘ ਦਾਊ, ਬੀਸੀ ਪ੍ਰੇਮੀ ਬਲੌਗੀ, ਕੁਲਦੀਪ ਸਿੰਘ ਬਿੱਟੂ ਬਲੌਗੀ, ਰਣਧੀਰ ਸਿੰਘ ਚਾਊਮਾਜਰਾ, ਬਲਜੀਤ ਸਿੰਘ ਠਸਕਾ, ਗੁਰਪ੍ਰੀਤ ਸਿੰਘ ਢੀਂਡਸਾ ਸਾਬਕਾ ਸਰਪੰਚ ਜੁਝਾਰ ਨਗਰ, ਲਖਮੀਰ ਸਿੰਘ ਕਾਲਾ ਪੱਤੋਂ, ਮਨਫੁੱਲ ਸਿੰਘ ਬੜੀ, ਫਕੀਰ ਸਿੰਘ ਮੋਟੇਮਾਜਰਾ, ਜਗਤਾਰ ਸਿੰਘ ਬਾਕਰਪੁਰ, ਗੁਰਚਰਨ ਸਿੰਘ ਗੀਗੇਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…