nabaz-e-punjab.com

ਡੀਜੀਪੀ ਦਾ ਪੁਤਲਾ ਸਾੜਨ ਤੋਂ ਰੋਕਣ ਲਈ ਪੁਲੀਸ ਨੇ ਕੀਤੀ ਕੁੰਭੜਾ ਦੇ ਘਰ ਦੀ ਘੇਰਾਬੰਦੀ

ਮੁਹਾਲੀ ਪੁਲੀਸ ਨੇ ਬਿਨਾਂ ਸਰਚ ਵਰੰਟ ਤੋਂ ਦਲਿਤ ਆਗੂ ਬਲਵਿੰਦਰ ਕੁੰਭੜਾ ਦੇ ਘਰ ਦੀ ਤਲਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਪੁਲੀਸ ਵਧੀਕੀਆਂ ਦੇ ਖ਼ਿਲਾਫ਼ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਦਾ ਘਿਰਾਓ ਕਰਕੇ ਡੀਜੀਪੀ ਦਾ ਪੁਤਲਾ ਸਾੜਨ ਦੇ ਉਲੀਕੇ ਪ੍ਰੋਗਰਾਮ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਅਨੁਸਾਰ ਸ੍ਰੀ ਕੁੰਭੜਾ ਨੇ ਅੱਜ ਆਪਣੇ ਸਮਰਥਕਾਂ ਨਾਲ ਮਿਲ ਕੇ ਡੀਜੀਪੀ ਦਾ ਪੁਤਲਾ ਸਾੜਿਆ ਜਾਣਾ ਸੀ ਪ੍ਰੰਤੂ ਵੱਡੀ ਗਿਣਤੀ ਵਿੱਚ ਪੁਲੀਸ ਨੇ ਸਵੇਰੇ ਤੜਕੇ ਹੀ ਦਲਿਤ ਆਗੂ ਦੇ ਘਰ ਦੀ ਘੇਰਾਬੰਦੀ ਕਰਕੇ ਬਿਨਾਂ ਸਰਚ ਵਰੰਟਾਂ ਤੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਘਰ ਪਿਆ ਡੀਜੀਪੀ ਦਾ ਪੁਤਲਾ ਚੁੱਕ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ।
ਪਿਛਲੀ ਅਕਾਲੀ ਸਰਕਾਰ ਵੇਲੇ ਬਲਵਿੰਦਰ ਕੁੰਭੜਾ ਦੇ ਪਰਿਵਾਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਇਸ ਘਟਨਾ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਹਾਲਾਂਕਿ ਉਦੋਂ ਸੀਨੀਅਰ ਉੱਚ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਕੁਝ ਸਮਾਂ ਪਹਿਲਾਂ ਪੁਲੀਸ ਨੇ ਅਦਾਲਤ ਵਿੱਚ ਝੂਠੀ ਸਿੱਟ ਰਿਪੋਰਟ ਪੇਸ਼ ਕਰਕੇ ਉਲਟਾ ਉਨ੍ਹਾਂ ਖ਼ਿਲਾਫ਼ ਧਾਰਾ 182 ਦੀ ਕਾਰਵਾਈ ਕਰਨ ਦੇ ਆਰਡਰ ਕਰਵਾ ਲਏ। ਇਸ ਤੋਂ ਬਾਅਦ ਇਹ ਸਾਰਾ ਮਾਮਲਾ ਤਤਕਾਲੀ ਵਧੀਕ ਸੈਸ਼ਨ ਜੱਜ ਆਂਸਲ ਬੇਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਇਹ ਹੁਕਮ ਰੱਦ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਗਿਆ।
ਪੀੜਤ ਪਰਿਵਾਰ ਕਾਫੀ ਸਮੇਂ ਤੋਂ ਇਹ ਮੰਗ ਕਰਦਾ ਆ ਰਿਹਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠਾ ਕੇਸ ਤਿਆਰ ਕਰਨ ਵਾਲੇ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਸ ਵਿਰੁੱਧ ਐਸਸੀ, ਐਸਟੀ ਐਕਟ ਅਤੇ ਅਦਾਲਤ ਨੂੰ ਗੁਮਰਾਹ ਕਰਨ ਦੇ ਦੋਸ਼ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ, ਲੇਕਿਨ ਹੁਣ ਤੱਕ ਸਬੰਧਤ ਜਾਂਚ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੇ ਅੱਜ ਡੀਜੀਪੀ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆਂ ਗਿਆ ਸੀ। ਪੁਲੀਸ ਦੀ ਘੇਰਾਬੰਦੀ ਕਾਰਨ ਪ੍ਰਦਰਸ਼ਨਕਾਰੀ ਥਾਣਾ ਦਾ ਘਿਰਾਓ ਨਹੀਂ ਕਰ ਸਕੇ ਪ੍ਰੰਤੂ ਜਿਵੇਂ ਹੀ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਪਿੰਡ ਕੁੰਭੜਾ ਵਿੱਚ ਹੀ ਡੀਜੀਪੀ ਦਾ ਪੁਤਲਾ ਸਾੜਨ ਦਾ ਯਤਨ ਕੀਤਾ ਤਾਂ ਪੁਲੀਸ ਕਰਮਚਾਰੀਆਂ ਨੇ ਫਿਰ ਤੋਂ ਪੁਤਲਾ ਖੋਹ ਲਿਆ। ਜਿਸ ਕਾਰਨ ਰੋਸ ਭਰਪੂਰ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਅਤੇ ਡੈਮੋਕ੍ਰੇਟਿਵ ਸਵਰਾਜ ਪਾਰਟੀ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਵੀ ਪੁਲੀਸ ਵਧੀਕੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕੁੰਭੜਾ ਦੇ ਘਰ ਦੀ ਤਲਾਸ਼ੀ ਲੈਣ ਸਬੰਧੀ ਪੁਲੀਸ ਨੂੰ ਅਦਾਲਤ ਦੇ ਸਰਚ ਵਰੰਟ ਦਿਖਾਉਣ ਲਈ ਆਖਿਆ ਲੇਕਿਨ ਪੁਲੀਸ ਨੂੰ ਕੋਈ ਗੱਲ ਨਹੀਂ ਅੌੜੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਰੋਸ ਮੁਜ਼ਾਹਰਾ ਨਾ ਕਰਨ ਦੇਣਾ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੇ ਖ਼ਿਲਾਫ਼ ਹੈ। ਇਸ ਦਾ ਮਨੁੱਖੀ ਅਧਿਕਾਰ ਅਤੇ ਹਾਈ ਕੋਰਟ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ, ਲਖਵੀਰ ਸਿੰਘ ਬਡਾਲਾ, ਰੇਸ਼ਮ ਸਿੰਘ ਕਾਹਲੋਂ, ਗੁਰਮੁੱਖ ਸਿੰਘ ਢੋਲਣ ਮਾਜਰਾ, ਲਖਮੀਰ ਸਿੰਘ, ਬਲਜੀਤ ਸਿੰਘ ਖਰੜ, ਕ੍ਰਿਸ਼ਨ ਸਿੰਘ, ਸਾਬਕਾ ਕੌਂਸਲਰ ਮੂਣਕ, ਸਾਬਕਾ ਬਲਾਕ ਸੰਮਤੀ ਮੇਂਬਰ ਗੁਰਨਾਮ ਕੌਰ, ਕੁਲਦੀਪ ਕੌਰ, ਸਲਿੰਦਰਜੀਤ ਸਿੰਘ ਸਰਪੰਚ ਪਿੰਡ ਘੋਗਾ, ਬਿੰਦਰ ਸਰਪੰਚ ਪਿੰਡ ਚੋਲਟਾ, ਮਨਜੀਤ ਸਿੰਘ ਤੇ ਹੋਰ ਵਰਕਰ ਮੌਜੂਦ ਸਨ।
(ਬਾਕਸ ਆਈਟਮ)
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪੀੜਤ ਨੂੰ ਉੱਥੇ ਪੈਰਵੀ ਕਰਨੀ ਚਾਹੀਦੀ ਹੈ। ਕੁੰਭੜਾ ਦੀ ਘੇਰਾਬੰਦੀ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਕਸਰ ਪੁਤਲੇ ਸਾੜਨ ਅਤੇ ਰੋਸ ਪ੍ਰਦਰਸ਼ਨ ਦੌਰਾਨ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਲਿਹਾਜ਼ਾ ਅਮਨ ਕਾਨੂੰਨ ਬਣਾਈ ਰੱਖਣ ਲਈ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…