ਚੰਡੀਗੜ੍ਹ ਦੀ ਘੇਰਾਬੰਦੀ: ਮੁਹਾਲੀ ਵਿੱਚ ਜਗਤਪੁਰਾ ਟੀ-ਪੁਆਇੰਟ ’ਤੇ ਗਰਜੇ ਕਿਸਾਨ

ਐਮਐਸਪੀ ਗਰੰਟੀ ਕਾਨੂੰਨ, ਫ਼ਸਲੀ ਬੀਮਾ, ਕਰਜ਼ਾ ਮੁਆਫ਼ੀ, ਕੇਸ ਰੱਦ ਕਰਨ ਤੇ ਹੋਰ ਮੰਗਾਂ ਰੱਖੀਆਂ

ਨਬਜ਼-ਏ-ਪੰਜਾਬ, ਮੁਹਾਲੀ, 26 ਨਵੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਨਦਾਤਾ ਦੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਜਗਤਪੁਰਾ ਟੀ-ਪੁਆਇੰਟ (ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ) ਉੱਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਉਂਜ ਬੀਤੀ ਸ਼ਾਮ ਹੀ ਕਿਸਾਨ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ। ਮੁਹਾਲੀ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਜਗਤਪੁਰਾ ਨੇੜੇ ਸਾਂਝੀ ਸਟੇਜ ਲਗਾਈ ਗਈ। ਪੰਜਾਬ ਪੁਲੀਸ ਅਤੇ ਯੂਟੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਅਤੇ ਖ਼ੁਫ਼ੀਆ ਵਿੰਗ ਵੱਲੋਂ ਕਿਸਾਨ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਮੌਕਾ ਦੇਖ ਕੇ ਕਿਸਾਨ ਪੁਲੀਸ ਰੋਕਾਂ ਤੋੜ ਕੇ ਅੱਗੇ ਵੀ ਵਧ ਸਕਦੇ ਹਨ? ਹਾਲਾਂਕਿ ਕਿਸਾਨ ਅੰਦੋਲਨ ਤਿੰਨਾਂ ਲਈ ਹੈ ਪ੍ਰੰਤੂ ਸੂਤਰ ਦੱਸਦੇ ਹਨ ਕਿਸਾਨੀ ਸੰਘਰਸ਼ ਜ਼ਿਆਦਾ ਦਿਨ ਜਾਰੀ ਰਹਿਣ ਦੇ ਆਸਾਰ ਬਣ ਸਕਦੇ ਹਨ।
ਇਸ ਮੌਕੇ ਕਿਸਾਨ ਆਗੂ ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ (ਢੁਡੀਕੇ) ਦੇ ਆਗੂ ਨਿਰਭੈਅ ਸਿੰਘ ਢੁਡੀਕੇ, ਹਰਮੀਤ ਸਿੰਘ ਕਾਦੀਆ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਮਾ, ਸਤਨਾਮ ਸਿੰਘ ਬਹਿਰੂ ਅਤੇ ਹੋਰਨਾਂ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਵੱਖ-ਵੱਖ ਬੁਲਾਰਿਆਂ ਨੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਡਰੋਂ ਹੀ ਮੰਡੀਆਂ ਵਿੱਚ ਕਣਕ, ਝੋਨਾ ਅਤੇ ਨਰਮਾ ਖ਼ਰੀਦਿਆਂ ਜਾਂਦਾ ਹੈ ਜਦੋਂਕਿ ਬਾਕੀ ਜ਼ਿਆਦਾਤਰ ਫ਼ਸਲਾਂ ਰੁਲਦੀਆਂ ਰਹਿੰਦੀਆਂ ਹਨ। ਕਿਸਾਨਾਂ ਦੀ ਖ਼ੁਸ਼ਹਾਲੀ ਲਈ ਫ਼ਸਲੀ ਬੀਮਾ, ਤਬਾਹ ਹੋਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦੇਣ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੀਤੇ ਝੂਠੇ ਪਰਚੇ ਅਤੇ ਹੁਣ ਵਾਤਾਵਰਨ ਦੀ ਆੜ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿੱਚ ਕਿਸਾਨਾਂ ਦੇ ਦਰਜ ਸਾਰੇ ਪਰਚੇ ਫੌਰੀ ਰੱਦ ਕੀਤੇ ਜਾਣ।
ਕਿਸਾਨਾਂ ਨੇ ਲਖਮੀਰਪੁਰ ਖੀਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਆਪਣਿਆਂ ਅਤੇ ਬੇਗਾਨਿਆਂ ਲਈ ਵੱਖੋ-ਵੱਖਰੇ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਆਪਣੀ ਜਾਂਚ ਵਿੱਚ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਅਜੈ ਟੈਣੀ ਮਿਸ਼ਰਾ ਨੂੰ ਸਾਜ਼ਿਸ਼ ਘਾੜਾ ਕਰਾਰ ਦਿੱਤਾ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਉਹ ਮੰਤਰੀ ਦੇ ਅਹੁਦੇ ’ਤੇ ਬਣੇ ਹੋਏ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਵੇ ਅਤੇ ਖੇਤੀ ਬਿੱਲ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ। ਨਹੀਂ ਤਾਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੇ ਅਗਲੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਆਗੂਆਂ ਨੇ ਕਿਹਾ ਕਿ ਅਗਲਾ ਕਿਸਾਨ ਅੰਦੋਲਨ ਸਰਕਾਰਾਂ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 723 ਕਿਸਾਨਾਂ ਅਤੇ ਬੀਬੀਆਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਬੇਫਜ਼ੂਲ ਸਹੂਲਤਾਂ ਪ੍ਰਦਾਨ ਕਰਨ ਦੀ ਥਾਂ ਕਿਰਤੀ ਤੇ ਕਿਸਾਨਾਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਜਾਵੇ।
ਇਸ ਮੌਕੇ ਹਰਨੇਕ ਸਿੰਘ ਮਹਿਮਾ, ਅੰਗਰੇਜ਼ ਸਿੰਘ, ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਿੰਦਰ ਸਿੰਘ ਗੋਰੇਵਾਲ, ਰਣਬੀਰ ਸਿੰਘ ਗਰੇਵਾਲ, ਗੁਰਨਾਮ ਸਿੰਘ ਦਾਊ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…