Nabaz-e-punjab.com

ਸਿੱਖ ਜਥੇਬੰਦੀ ਦੇ ਮੈਂਬਰਾਂ, ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਨੇ ਪ੍ਰਿੰਸੀਪਲ ਖ਼ਿਲਾਫ਼ ਦਰਜ ਕਰਵਾਏ ਬਿਆਨ

ਸਕੂਲ ਮੁਖੀ ਤੇ ਵਿਦਿਆਰਥੀਆਂ ਵਿੱਚ ਟਕਰਾਅ ਦੀ ਸਥਿਤੀ ਬਰਕਰਾਰ

ਸਕੂਲ ਦੀਆਂ ਦੁਕਾਨਾਂ ਵੇਚ ਕੇ ਪ੍ਰਾਈਵੇਟ ਕਲੋਨਾਈਜਰ ਨੂੰ ਵਿੱਤੀ ਲਾਭ ਪਹੁੰਚਾਉਣ ਦੀ ਗੱਲ ਵੀ ਆਈ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਸਰਕਾਰੀ ਸਕੂਲ ਪਿੰਡ ਬਡਾਲਾ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀ ਦੇ ਨੁਮਾਇੰਦਿਆਂ ਵਿੱਚ ਟਕਰਾਅ ਦੀ ਸਥਿਤੀ ਬਰਕਰਾਰ ਹੈ। ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ ਤੋਂ ਬਾਅਦ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਅਤੇ ਸਿੱਖਿਆ ਵਿਭਾਗ ਨੇ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ। ਹਾਲਾਂਕਿ ਸਕੂਲ ਮੁਖੀ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸ ਰਹੇ ਹਨ ਪ੍ਰੰਤੂ ਹੁਣ ਸਕੂਲ ਦੀਆਂ ਦੁਕਾਨਾਂ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਪ੍ਰਾਈਵੇਟ ਕਲੋਨਾਈਜਰ ਨੂੰ ਵਿੱਤੀ ਲਾਭ ਪਹੁੰਚਾਉਣ ਦੀ ਗੱਲ ਵੀ ਸਾਹਮਣੇ ਆਈ ਹੈ।
ਅੱਜ ਪੀੜਤ ਸਕੂਲੀ ਬੱਚਿਆਂ ਅਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਸਮੇਤ ਹੋਰਨਾਂ ਨੁਮਾਇੰਦਿਆਂ ਅਤੇ ਕੁਝ ਪਿੰਡ ਵਾਸੀਆਂ ਨੇ ਮੁਹਾਲੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਹਿੰਮਤ ਸਿੰਘ ਹੁੰਦਲ ਦੇ ਦਫ਼ਤਰ ਵਿੱਚ ਪ੍ਰਿੰਸੀਪਲ ਦੇ ਖ਼ਿਲਾਫ਼ ਆਪੋ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਆਪਣੇ ਬਿਆਨਾਂ ਵਿੱਚ ਕਿਹਾ ਕਿ ਪ੍ਰਿੰਸੀਪਲਾਂ ਵੱਲੋਂ ਸਿੱਖ ਬੱਚਿਆਂ ਦੇ ਕਕਾਰਾਂ ’ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਸਬੰਧੀ ਬਕਾਇਦਾ ਰਜਿਸਟਰ ਵਿੱਚ ਬੱਚਿਆਂ ਤੋਂ ਕੜੇ ਲੁਹਾ ਕੇ ਅੱਗੇ ਤੋਂ ਕੜੇ ਨਾ ਪਹਿਨਣ ਬਾਰੇ ਰਜਿਸਟਰ ’ਤੇ ਦਸਖ਼ਤ ਵੀ ਕਰਵਾਏ ਜਾਂਦੇ ਹਨ। ਪੀੜਤਾਂ ਨੇ ਆਪਣੇ ਬਿਆਨਾਂ ਵਿੱਚ ਪ੍ਰਿੰਸੀਪਲ ’ਤੇ ਮਾੜਾ ਵਿਵਹਾਰ ਕਰਨ ਦਾ ਵੀ ਦੋਸ਼ ਲਾਇਆ ਹੈ।
ਭਾਈ ਜਸਵਿੰਦਰ ਸਿੰਘ ਅਤੇ ਹੋਰਨਾਂ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਿੰਸੀਪਲ ਸਕੂਲ ਦੀਆਂ ਦੁਕਾਨਾਂ ਨੂੰ ਵੇਚਣਾ ਚਾਹੁੰਦਾ ਹੈ ਅਤੇ ਇਸ ਸਬੰਧੀ ਸਕੂਲ ਮੁਖੀ ਨੇ ਪ੍ਰਾਈਵੇਟ ਕਲੋਨਾਈਜਰ ਨੂੰ ਵਿੱਤੀ ਲਾਭ ਪਹੁੰਚਾਉਣ ਦੀ ਮਨਸ਼ਾ ਨਾਲ ਸਕੂਲਾਂ ਵੇਚਣ ਦੀ ਅਗਾਊਂ ਪ੍ਰਵਾਨਗੀ ਵੀ ਲੈ ਗਈ ਹੈ। ਕਿਉਂਕਿ ਜੇਕਰ ਸਕੂਲ ਦੀਆਂ ਦੁਕਾਨਾਂ ਵੇਚ ਦਿੱਤੀਆਂ ਜਾਂਦੀਆਂ ਹਨ ਤਾਂ ਪ੍ਰਾਈਵੇਟ ਕਲੋਨਾਈਜਰ ਵੱਲੋਂ ਬਣਾਈਆਂ ਦੁਕਾਨਾਂ ਬੜੀ ਆਸਾਨੀ ਨਾਲ ਮਹਿੰਗੇ ਭਾਅ ’ਤੇ ਵੇਚੀਆਂ ਜਾਂ ਕਿਰਾਏ ਉੱਤੇ ਦਿੱਤੀਆਂ ਜਾ ਸਕਣਗੀਆਂ। ਇਸ ਮੌਕੇ ਜ਼ਿਲ੍ਹਾ ਆਗੂ ਭਾਈ ਦਵਿੰਦਰ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਸਾਧੂ ਸਿੰਘ, ਭਾਈ ਜਰਨੈਲ ਸਿੰਘ, ਭਾਈ ਕੁਲਦੀਪ ਸਿੰਘ ਬਡਾਲਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਕੂਲੀ ਬੱਚੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…