
ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਨਾਲ ਇਨਸਾਫ਼ ਦੀ ਇੱਕ ਜੰਗ ਜਿੱਤੀ: ਬੈਦਵਾਨ
ਨਬਜ਼-ਏ-ਪੰਜਾਬ, ਮੁਹਾਲੀ, 26 ਫਰਵਰੀ:
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਬੈਦਵਾਨ ਨੇ ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫ਼ੈਸਲੇ ਨੂੰ ‘ਇਨਸਾਫ਼ ਦੀ ਜਿੱਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਦਾਲਤ ਦਾ ਇਹ ਫ਼ੈਸਲਾ ਸਿੱਖ ਕੌਮ ਦੇ ਚਾਰ ਦਹਾਕੇ ਪੁਰਾਣੇ ਦਰਦ, ਸੰਘਰਸ਼, ਅਤੇ ਹੌਸਲੇ ਦਾ ਪ੍ਰਤੀਕ ਹੈ। ਅਕਾਲੀ ਆਗੂ ਨੇ ਕਿਹਾ ਕਿ 1984 ਵਿੱਚ ਕਾਂਗਰਸ ਆਗੂ ਦੀ ਸਰਪ੍ਰਸਤੀ ਹੇਠ ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦਾ ਦਰਦ ਅਤੇ ਜ਼ਖ਼ਮ ਅੱਜ ਵੀ ਤਾਜ਼ਾ ਹਨ।
ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸਪੱਸ਼ਟ ਸੰਦੇਸ਼ ਹੈ ਕਿ ਭਾਵੇਂ ਨਿਆਂ ਦੀ ਚੱਕੀ ਹੌਲੀ ਚਲਦੀ ਹੈ ਪਰ ਇਹ ਪਿਸਦੀ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਇਸ ਮਾਮਲੇ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੀ ਉਮੀਦ ਕਰ ਰਿਹਾ ਸੀ ਪਰ ਉਨ੍ਹਾਂ ਨੇ ਤਾਜ਼ਾ ਫ਼ੈਸਲੇ ਨੂੰ ‘ਇਤਿਹਾਸਕ ਪ੍ਰਾਪਤੀ’ ਦੱਸਿਆ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ‘ਸਿੱਖ ਕੌਮ ਦੀ ਲੜਾਈ ਵਿੱਚ ਮਹੱਤਵਪੂਰਨ ਮੋੜ’ ਦੱਸਦਿਆਂ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦੀ ਸਜ਼ਾ ਨਹੀਂ, ਸਗੋਂ ਇੱਕ ਸਿਆਸੀ ਤੰਤਰ ਦੀ ਹਾਰ ਹੈ, ਜਿਸ ਨੇ ਦੋਸ਼ੀਆਂ ਨੂੰ ਦਹਾਕਿਆਂ ਤੱਕ ਸਰਪ੍ਰਸਤੀ ਦੇ ਕੇ ਰੱਖੀ ਹੋਈ ਸੀ।
ਪਰਵਿੰਦਰ ਸੋਹਾਣਾ ਨੇ ਕਾਂਗਰਸ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਕੀ ਕਾਂਗਰਸ ਲੀਡਰਸ਼ਿਪ ਇਸ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ 1984 ਵਿੱਚ ਆਪਣੇ ਆਗੂਆਂ ਦੀ ਭੂਮਿਕਾ ਲਈ ਮੁਆਫ਼ੀ ਮੰਗੇਗੀ? ਉਨ੍ਹਾਂ ਮੰਗ ਕੀਤੀ ਕਿ ਸੱਜਣ ਕੁਮਾਰ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਰੁਕਾਵਟਾਂ ਪਾਉਣ ਵਾਲੇ ਅਤੇ 40 ਸਾਲ ਤੱਕ ਸੁਰੱਖਿਅਤ ਰੱਖਣ ਵਾਲੇ ਆਗੂਆਂ ਦੀ ਸ਼ੱਕੀ ਭੂਮਿਕਾ ਦੀ ਵੀ ਉੱਚ-ਪੱਧਰੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ।