Nabaz-e-punjab.com

ਸਿੱਖ ਅਜਾਇਬਘਰ ਮੁਹਾਲੀ ਦੇ ਬੁੱਤਸਾਜ ਵੱਲੋਂ ਚਾਰ ਸਾਹਿਬਜ਼ਾਦਿਆਂ ਦੇ ਮਾਡਲ ਤਿਆਰ

ਮੁਹਾਲੀ ਵਿੱਚ 25 ਦਸੰਬਰ ਨੂੰ ਕੱਢੇ ਜਾ ਰਹੇ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣਗੇ ਚਾਰ ਸਾਹਿਬਜ਼ਾਦਿਆਂ ਦੇ ਮਾਡਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਸਿੱਖ ਅਜਾਇਬ ਘਰ ਮੁਹਾਲੀ ਦੇ ਸੰਸਥਾਪਕ ਤੇ ਬੁੱਤਸਾਜ ਪਰਵਿੰਦਰ ਸਿੰਘ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਮਾਡਲ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚਾਰ ਸਾਹਿਬਜ਼ਾਦਿਆਂ ਦੇ ਮਾਡਲ ਤਿਆਰ ਕਰਨ ਵਿੱਚ ਕਰੀਬ 6 ਮਹੀਨੇ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ 25 ਦਸੰਬਰ ਨੂੰ ਇੱਥੋਂ ਦੇ ਗੁਰਦੁਆਰਾ ਸਾਹਿਬ ਸਾਚਾ ਧੰਨ ਫੇਜ਼-3ਬੀ1 ਤੋਂ ਸ਼ਹਿਰ ਵਿੱਚ ਸਾਹਿਬਜ਼ਾਦੇ ਯਾਦਗਾਰੀ ਮਾਰਚ ਕੱਢਿਆ ਜਾ ਰਿਹਾ ਹੈ। ਇਸ ਯਾਦਗਾਰੀ ਮਾਰਚ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣੇ ਜਾਣ ਦਾ ਮਾਡਲ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਮਾਡਲਾਂ ਨੂੰ ਸ਼ਾਮਲ ਕੀਤਾ। ਇਸ ਤੋਂ ਬਾਅਦ ਸਾਹਿਬਜ਼ਾਦਿਆਂ ਦੇ ਮਾਡਲਾਂ ਨੂੰ ਸਿੱਖ ਸੰਗਤ ਦੇ ਦਰਸ਼ਨ ਦੀਦਾਰ ਲਈ ਸਿੱਖ ਅਜਾਇਬਘਰ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ।
ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਤਿੰਨ ਦਹਾਕੇ ਪਹਿਲਾਂ ਸਾਲ 1990 ਵਿੱਚ ਸ਼ੌਂਕੀਆਂ ਤੌਰ ’ਤੇ ਇੱਕ ਸਕਿਊਰਟੀ ਗਾਰਡ ਦਾ ਬੁੱਤ ਬਣਾਇਆ ਸੀ। ਇਸ ਤੋਂ ਕਾਫੀ ਚਿਰਾਂ ਬਾਅਦ ਸਾਲ 2000 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਤਿਆਰ ਕੀਤਾ ਗਿਆ ਅਤੇ ਲੋਕਾਂ ਵੱਲੋਂ ਉਸ ਦੀ ਕੀਤੀ ਹੌਸਲਾ ਅਫਜਾਈ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਆਪਣੇ ਇਸ ਸ਼ੌਕ ਨੂੰ ਪੱਕੇ ਪੈਰੀ ਕਿੱਤੇ ਵਜੋਂ ਅਪਨਾ ਲਿਆ ਪਰ 2009 ਵਿੱਚ ਅਚਾਨਕ ਜ਼ਮੀਨ ਦੇ ਮਾਲਕ ਵੱਲੋਂ ਉਸ ਤੋਂ ਲਖਨੌਰ ਵਾਲਾ ਸ਼ੈੱਡ ਖਾਲੀ ਕਰਨ ਦਾ ਨੋਟਿਸ ਭੇਜ ਦਿੱਤਾ। ਜਿਸ ਕਾਰਨ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਹੁਕਮਰਾਨ ਜਾਂ ਧਾਰਮਿਕ ਸੰਸਥਾ ਕਲਾਕਾਰ ਦੀ ਮਦਦ ਲਈ ਅੱਗੇ ਨਹੀਂ ਆਈ। ਇਸ ਦੌਰਾਨ ਉੱਘੇ ਸਮਾਜ ਸੇਵੀ ਤੇ ਪੰਜਾਬ ਨੰਬਰਦਾਰਾਂ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਬੁੱਤਬਾਜ ਦੀ ਵਿਥਿਆ ਸੁਣ ਕੇ ਤਰਸ ਦੇ ਆਧਾਰ ’ਤੇ ਆਰਜ਼ੀ ਤੌਰ ’ਤੇ ਮੁਹਾਲੀ ਦੀ ਹੱਦ ਨਾਲ ਲੱਗਦੀ ਬਲੌਂਗੀ ਦੀ ਪੰਚਾਇਤੀ ਜ਼ਮੀਨ ਵਿੱਚ ਕਰੀਬ ਦੋ ਕਨਾਲ ਜ਼ਮੀਨ ਵਿੱਚ ਸਿੱਖ ਅਜਾਇਬਘਰ ਸਥਾਪਿਤ ਕਰਨ ਦੀ ਆਗਿਆ ਦੇ ਦਿੱਤੀ। ਉਸ ਨੇ ਹਿੰਮਤ ਕਰਕੇ ਮੁੜ ਇਸ ਬੇਆਬਾਦ ਥਾਂ ’ਤੇ ਲੋਹੇ ਦੀਆਂ ਚਾਦਰਾ ਖੜ੍ਹੀਆਂ ਕਰਕੇ ਸਾਰਾ ਸਮਾਨ ਇੱਥੇ ਸ਼ਿਫ਼ਟ ਕਰ ਦਿੱਤਾ ਅਤੇ ਹੌਲੀ-ਹੌਲੀ ਸਿੱਖ ਅਜਾਇਬ ਘਰ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ। ਲੇਕਿਨ ਹੁਣ ਉਹ ਇਸ ਥਾਂ ਨੂੰ ਪੱਕੇ ਤੌਰ ’ਤੇ ਅਲਾਟ ਕਰਵਾਉਣ ਲਈ ਹੁਕਮਰਾਨਾਂ ਅਤੇ ਅਧਿਕਾਰੀਆਂ ਦੇ ਤਰਲੇ ਕੱਢ ਰਿਹਾ ਹੈ ਅਤੇ ਲੜੀਵਾਰ ਧਰਨਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਤਸਾਜ ਨੂੰ ਮੌਜੂਦਾ ਜ਼ਮੀਨ ਦੀ ਪੱਕੀ ਅਲਾਟਮੈਂਟ ਕਰਵਾਉਣ ਦਾ ਭਰੋਸਾ ਹੈ।
ਬੁੱਤਸਾਜ ਨੇ ਦੱਸਿਆ ਕਿ ਹੁਣ ਤੱਕ ਤਤਕਾਲੀ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ, ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਇਸ ਥਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਸਾਰਿਆਂ ਵੱਲੋਂ ਭਾਵੇਂ ਬੁੱਤਸਾਜ ਦੀ ਰੱਜ ਦੇ ਸ਼ਲਾਘਾ ਕੀਤੀ ਗਈ ਹੈ ਪਰ ਹੁਣ ਤੱਕ ਕਿਸੇ ਨੇ ਇਸ ਅਸਥਾਨ ਦੀ ਹੋਂਦ ਨੂੰ ਜਿਊਂਦਾ ਰੱਖਣ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦਾ ਉਪਰਾਲਾ ਨਹੀਂ ਕੀਤਾ। ਪ੍ਰੰਤੂ ਹੁਣ ਕੈਬਨਿਟ ਮੰਤਰੀ ਸਿੱਧੂ ਨੇ ਉਸ ਦੀ ਬਾਂਹ ਫੜੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…