Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਸਿੱਖ ਅਜਾਇਬਘਰ ਮੁਹਾਲੀ ਦਾ ਬੁੱਤਸਾਜ ਡਾਢਾ ਦੁਖੀ ਬੁੱਤਸਾਜ ਦੀ ਸਰਕਾਰ ਨੂੰ ਅਪੀਲ ਪੱਕੀ ਥਾਂ ਅਲਾਟ ਹੋਵੇ ਜਾਂ ਸ਼ਹੀਦਾਂ ਦੇ ਮਾਡਲਾਂ ਨਾਲ ਕੀਤਾ ਜਾਵੇ ਸ਼ਹੀਦ ਜੇ ਸਰਕਾਰ ਨੇ ਬਾਂਹ ਨਹੀਂ ਫੜੀ ਤਾਂ ਪੰਜ ਪਿਆਰਿਆਂ ਤੋਂ ਨੀਂਹ ਰਖਵਾ ਕੇ ਉਸਾਰੀ ਸ਼ੁਰੂ ਕੀਤੀ ਜਾਵੇਗੀ: ਪਰਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ: ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਵਿੱਚ ਮੁਹਾਲੀ ਤੇ ਬਲੌਂਗੀ ਦੀ ਸਾਂਝੀ ਹੱਦ ’ਤੇ ਸਥਿਤ ਸਿੱਖ ਅਜਾਇਬਘਰ ਮੁਹਾਲੀ ਦਾ ਬੁੱਤਸਾਜ ਪਰਵਿੰਦਰ ਸਿੰਘ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਕਾਫ਼ੀ ਮਾਯੂਸ ਹੈ। ਉਂਜ ਇਸ ਤੋਂ ਪਹਿਲੀ ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਨੇ ਵੀ ਝੂਠੇ ਲਾਰਿਆਂ ਤੋਂ ਬਿਨਾਂ ਬੁੱਤਸਾਜ ਨੂੰ ਕੁਝ ਨਹੀਂ ਦਿੱਤਾ। ਆਪਣੇ ਪੱਧਰ ’ਤੇ ਸੇਵਾ ਭਾਵਨਾ ਨਾਲ ਸਿੱਖ ਅਜਾਇਬਘਰ ਸਥਾਪਿਤ ਕਰਨ ਵਾਲਾ ਇਹ ਬੁੱਤਸਾਜ ਆਰਥਿਕ ਮੰਦਹਾਲੀ ਕਾਰਨ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਪਰਿਵਾਰ ਵਾਲੇ ਵੀ ਸਹਿਯੋਗ ਦੇਣ ਤੋਂ ਟਾਲਾ ਵੱਟਣ ਲੱਗ ਪਏ ਹਨ। ਪਰਵਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਅਜਾਇਬਘਰ ਲਈ ਪੱਕੀ ਥਾਂ ਅਲਾਟ ਕੀਤੀ ਜਾਵੇ ਜਾਂ ਸ਼ਹੀਦ ਸਿੰਘਾਂ ਦੇ ਮਾਡਲਾਂ ਨਾਲ ਉਸ ਨੂੰ ਵੀ ਸ਼ਹੀਦ ਕਰਕੇ ਇਸ ਥਾਂ ਨੂੰ ਆਪਣੇ ਕਬਜ਼ੇ ਲੈ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਛੇਤੀ ਐਸਜੀਪੀਸੀ ਅਤੇ ਸਰਕਾਰ ਨੇ ਬਾਂਹ ਨਹੀਂ ਫੜੀ ਤਾਂ ਉਹ ਪੰਜ ਪਿਆਰਿਆਂ ਤੋਂ ਨੀਂਹ ਰਖਵਾ ਕੇ ਦਾਨੀ ਸੱਜਣਾਂ ਅਤੇ ਸੰਗਤ ਦੇ ਸਹਿਯੋਗ ਨਾਲ ਬਹੁ-ਮੰਜ਼ਲਾ ਸਿੱਖ ਅਜਾਇਬਘਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦੇਣਗੇ। ਬੁੱਤਸਾਜ ਨੇ ਦੱਸਿਆ ਕਿ ਉਸ ਨੇ 1990 ਵਿੱਚ ਸ਼ੌਂਕੀਆਂ ਤੌਰ ’ਤੇ ਇਕ ਸਕਿਉਰਿਟੀ ਗਾਰਡ ਦਾ ਬੁੱਤ ਬਣਾਇਆ ਸੀ। ਦਹਾਕੇ ਬਾਅਦ ਉਸਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਤਿਆਰ ਕੀਤਾ ਸੀ। ਲੋਕਾਂ ਦੀ ਹੌਸਲਾ ਅਫਜਾਈ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਪਿੰਡ ਲਖਨੌਰ ਵਿੱੱਚ ਆਪਣੇ ਇਸ ਸ਼ੌਕ ਨੂੰ ਪੱਕੇ ਪੈਰੀ ਕਿੱਤੇ ਵਜੋਂ ਅਪਨਾ ਲਿਆ ਪ੍ਰੰਤੂ 2009 ਵਿੱਚ ਅਚਾਨਕ ਜ਼ਮੀਨ ਮਾਲਕ ਨੇ ਥਾਂ ਖਾਲੀ ਕਰਨ ਦਾ ਨੋਟਿਸ ਭੇਜ ਦਿੱਤਾ। ਉਪਰੰਤ ਉੱਘੇ ਸਮਾਜ ਸੇਵੀ ਤਰਲੋਚਨ ਸਿੰਘ ਮਾਨ ਨੇ ਬੁੱਤਸਾਜ ਨੂੰ ਤਰਸ ਦੇ ਆਧਾਰ ’ਤੇ ਆਰਜ਼ੀ ਤੌਰ ’ਤੇ ਮੁਹਾਲੀ-ਬਲੌਂਗੀ ਦੀ ਸਾਂਝੀ ਹੱਦ ਨਾਲ ਪੰਚਾਇਤੀ ਜ਼ਮੀਨ ’ਚੋਂ ਦੋ ਕਨਾਲ ਰਕਬੇ ਵਿੱਚ ਸਿੱਖ ਅਜਾਇਬਘਰ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰਵਿੰਦਰ ਨੇ ਹਿੰਮਤ ਕਰਕੇ ਇਸ ਬੇਆਬਾਦ ਥਾਂ ’ਤੇ ਲੋਹੇ ਦੀਆਂ ਚਾਦਰਾਂ ਖੜ੍ਹੀਆਂ ਕਰਕੇ ਸਾਰਾ ਸਮਾਨ ਸ਼ਿਫ਼ਟ ਕਰਕੇ ਹੌਲੀ-ਹੌਲੀ ਸਿੱਖ ਅਜਾਇਬਘਰ ਸਥਾਪਿਤ ਕਰ ਦਿੱਤਾ। 18 ਜਨਵਰੀ 2010 ਨੂੰ ਤਤਕਾਲੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਬੁੱਤਸਾਜ ਦੀ ਸ਼ਲਾਘਾ ਕਰਦੇ ਹੋਏ ਮੁਹਾਲੀ ਵਿੱਚ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਤਤਕਾਲੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਥਾਂ ਦਾ ਦੌਰਾ ਕੀਤਾ। ਭਾਵੇਂ ਸਾਰਿਆਂ ਨੇ ਬੁੱਤਸਾਜ ਦੀ ਰੱਜ ਕੇ ਸ਼ਲਾਘਾ ਕੀਤੀ ਪਰ ਹੁਣ ਤੱਕ ਕਿਸੇ ਨੇ ਅਜਾਇਬਘਰ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦਾ ਯਤਨ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ 5 ਅਗਸਤ 2018 ਨੂੰ ਸਿੱਖ ਅਜਾਇਬਘਰ ਦੇ ਮੁੱਖ ਗੇਟ ਨੇੜੇ ਸ਼ਹੀਦ ਊਧਮ ਸਿੰਘ ਜੀ ਦੇ ਮਾਡਲ ਦਾ ਉਦਘਾਟਨ ਕਰਨ ਉਪਰੰਤ ਸੰਗਤ ਦੇ ਭਰਵੇਂ ਇਕੱਠ ਵਿੱਚ ਬੁੱਤਸਾਜ ਦੇ ਇਸ ਉਪਰਾਲੇ ਸ਼ਲਾਘਾ ਕਰਦਿਆਂ ਸੰਸਥਾ ਨੂੰ ਇਕ ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ ਸੀ ਲੇਕਿਨ ਹੁਣ ਤੱਕ ਉਸ ਨੂੰ ਫੁੱਟੀ ਕੌੜੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਹ ਨਵੀਂ ਪੀੜ੍ਹੀ ਨੂੰ ਕੁਰਬਾਨੀਆਂ ਭਰੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਸਿੱਖ ਅਜਾਇਬਘਰ ਸਥਾਪਿਤ ਕਰਨਾ ਚਾਹੁੰਦਾ ਹੈ। ਜ਼ਮੀਨ ਪ੍ਰਾਪਤੀ ਲਈ ਬੁੱਤਸਾਜ ਨੇ ਲੜੀਵਾਰ ਧਰਨਾ ਵੀ ਸ਼ੁਰੂ ਕੀਤਾ ਸੀ ਪ੍ਰੰਤੂ ਕਿਸੇ ਨੇ ਉਸ ਦੀ ਪੀੜਾਂ ਨਹੀਂ ਸੁਣੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ