Nabaz-e-punjab.com

ਸਿੱਖ ਕੈਦੀਆਂ ਨੇ ਨਾਭਾ ਜੇਲ੍ਹ ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਲਾਇਆ ਦੋਸ਼

ਜੇਲ੍ਹ ਦੇ ਡਿਪਟੀ ਸੁਪਰਡੈਂਟ ਵਿਰੁੱਧ ਕਾਰਵਾਈ ਦੀ ਮੰਗ, ਐਤਵਾਰ ਨੂੰ ਜੇਲ੍ਹ ’ਚ ਭੁੱਖ-ਹੜਤਾਲ ਸ਼ੁਰੂ ਕਰਨ ਦੀ ਧਮਕੀ

ਨਾਭਾ ਜੇਲ੍ਹ ਦੇ ਸੁਪਰਡੈਂਟ ਨੇ ਬੇਅਦਬੀ ਬਾਰੇ ਸਿੱਖ ਕੈਦੀਆਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਪੰਜਾਬ ਵਿੱਚ ਖਾੜਕੂ ਗਤੀਵਿਧੀਆਂ ਵਿੱਚ ਸੱਤ ਕਾਰਕੁਨਾਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ’ਚੋਂ ਬੀਬੀ ਅੰਮ੍ਰਿਤਪਾਲ ਕੌਰ ਕੇਂਦਰੀ ਜੇਲ੍ਹ ਪਟਿਆਲਾ ਜਦੋਂਕਿ ਬਾਕੀ ਸਾਰੇ ਮੁਲਜ਼ਮ ਸਤਨਾਮ ਸਿੰਘ, ਹਰਵਰਿੰਦਰ ਸਿੰਘ, ਜਰਨੈਲ ਸਿੰਘ, ਪਰਮਿੰਦਰ ਸਿੰਘ, ਰਣਦੀਪ ਸਿੰਘ ਸਾਰੇ ਕੇਂਦਰੀ ਜੇਲ੍ਹ ਨਾਭਾ ਵਿੱਚ ਬੰਦ ਹਨ। ਮੁਲਜ਼ਮ ਤਰਸੇਮ ਸਿੰਘ ਦੀ ਜ਼ਮਾਨਤ ’ਤੇ ਹੈ। ਜਦੋਂਕਿ ਬਠਿੰਡਾ ਜੇਲ੍ਹ ਵਿੱਚ ਬੰਦ ਰਮਨਦੀਪ ਸਿੰਘ ਉਰਫ਼ ਸੰਨੀ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਖਾੜਕੂ ਕਾਰਕੁਨ ਸੁਖਪ੍ਰੀਤ ਸਿੰਘ ਦੀ ਕੁਝ ਸਮਾਂ ਪਹਿਲਾਂ ਹੀ ਨਾਭਾ ਜੇਲ੍ਹ ਵਿੱਚ ਮੌਤ ਹੋ ਚੁੱਕੀ ਹੈ। ਇਕ ਬਾਲ ਅਪਰਾਧੀ ਦਾ ਕੇਸ ਜੁਵੇਲਾਈਨ ਅਦਾਲਤ ਵਿੱਚ ਚੱਲਦਾ ਹੈ। ਇਨ੍ਹਾਂ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਹੈ।
ਇਸ ਦੀ ਕੇਸ ਪੈਰਵੀ ਸਿੱਖ ਰਿਲੀਫ਼ ਯੂਕੇ ਵੱਲੋਂ ਕੀਤੀ ਜਾ ਰਹੀ ਹੈ। ਅੱਜ ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੀ ਵਕੀਲ ਸ੍ਰੀਮਤੀ ਕੁਲਵਿੰਦਰ ਕੌਰ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਅੱਜ ਆਈਡੀਆ ਫੋਨ, ਵੋਡਾ ਫੋਨ ਅਤੇ ਵੈਸ਼ਟਨ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰੀ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾਏ ਅਤੇ ਖਾੜਕੂ ਕਾਰਕੁਨਾਂ ਦੇ ਮੋਬਾਈਲ ਫੋਨਾਂ ਅਤੇ ਪੈਸਿਆਂ ਸਬੰਧੀ ਦਸਤਾਵੇਜ਼ ਪੇਸ਼ ਕੀਤੇ ਗਏ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 26 ਫਰਵਰੀ ਦਾ ਦਿਨ ਨਿਸ਼ਚਿਤ ਕੀਤਾ ਹੈ।
ਉਧਰ, ਅਦਾਲਤ ਦੇ ਬਾਹਰ ਖਾੜਕੂ ਕਾਰਕੁਨ ਹਰਵਰਿੰਦਰ ਸਿੰਘ ਤੇ ਹੋਰਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਨਾਭਾ ਜੇਲ੍ਹ ਪ੍ਰਸ਼ਾਸਨ ’ਤੇ ਗੁਟਕਾ ਸਾਹਿਬ ਦੀ ਕਥਿਤ ਬੇਅਦਬੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪ੍ਰਸ਼ਾਸਨ ਨੂੰ ਸਨਿਚਰਵਾਰ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਜੇਕਰ ਇਸ ਦੌਰਾਨ ਸਬੰਧਤ ਅਮਲੇ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਜਾਂ ਡਿਪਟੀ ਸੁਪਰਡੈਂਟ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਦੀ ਮੁਆਫ਼ੀ ਨਹੀਂ ਮੰਗੀ ਗਈ ਤਾਂ ਐਤਵਾਰ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਬੰਦੀ ਸਿੰਘਾਂ ਲਈ ਗੁਰਬਾਣੀ ਦੀਆਂ ਪੋਥੀਆਂ ਭੇਜੀਆਂ ਗਈਆਂ ਸਨ, ਪ੍ਰੰਤੂ ਡਿਪਟੀ ਸੁਪਰਡੈਂਟ ਨੇ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਸਿੱਖ ਕੈਦੀਆਂ ਨੂੰ ਦੇਣ ਦੀ ਬਜਾਏ, ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਅਲਮਾਰੀ ਦੇ ਉੱਤੇ ਮਿੱਟੇ ਘੱਟੇ ਵਿੱਚ ਰੱਖ ਕੇ ਬੇਅਦਬੀ ਕੀਤੀ ਗਈ ਹੈ। ਇਸ ਹੱਥ ਲਿਖਤ ਪ੍ਰੈਸ ਬਿਆਨ ’ਤੇ ਰਮਨਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਅਰਵਿੰਦਰ ਸਿੰਘ, ਸੁਰਜੀਤ ਸਿੰਘ, ਪਰਮਿੰਦਰ ਸਿੰਘ, ਮਨਿੰਦਰ ਸਿੰਘ, ਨਿਹਾਲ ਸਿੰਘ, ਸੁਲਤਾਨ ਸਿੰਘ, ਰਣਜੀਤ ਸਿੰਘ, ਅਸ਼ੋਕ ਕੁਮਾਰ, ਬਲਵੀਰ ਸਿੰਘ, ਗੁਰਦੇਵ ਸਿੰਘ, ਰਣਦੀਪ ਸਿੰਘ, ਸਤਿੰਦਰਜੀਤ ਸਿੰਘ, ਜਰਨੈਲ ਸਿੰਘ, ਮਾਨ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਸ਼ਬਨਮਦੀਪ ਸਿੰਘ ਦੇ ਦਸਖ਼ਤ ਰੂਪੀ ਨਾਂ ਦਰਜ ਹਨ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਸਿੱਖ ਕੈਦੀਆਂ ਵੱਲੋਂ ਜੇਲ੍ਹ ਅੰਦਰ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦੀ ਕਥਿਤ ਬੇਅਦਬੀ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਲ੍ਹ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ ਅਤੇ ਸਿੱਖ ਕੈਦੀ ਐਵੇਂ ਹੀ ਮਾਮਲੇ ਨੂੰ ਤੁਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਚੀਜ਼ ਜੇਲ੍ਹ ਅੰਦਰ ਆਉਂਦੀ ਹੈ ਤਾਂ ਉਸ ਨੂੰ ਪੂਰੇ ਸਨਮਾਨ ਅਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …