ਸਿੱਖ ਸੰਘਰਸ਼: ਪੱਕੇ ਮੋਰਚੇ ਵਿੱਚ ‘ਰਾਜ ਕਰੇਗਾ ਖ਼ਾਲਸਾ’ ਦੇ ਨਾਅਰੇ ਗੂੰਜੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਡਾ ਜਥਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਮਾਇਤ ਵਿੱਚ ਨਿੱਤਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਠੰਢ ਦੇ ਮੌਸਮ ਵਿੱਚ ਸਿੱਖ ਅਤੇ ਇਨਸਾਫ਼ ਪਸੰਦ ਲੋਕ ਧਰਨੇ ’ਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜੁੜ ਰਹੀ ਹੈ। ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ’ਚ ਮੈਂਬਰਾਂ ਨੇ ਧਰਨੇ ਵਿੱਚ ਪਹੁੰਚ ਕੇ ਸਿੱਖ ਸੰਘਰਸ਼ ਨੂੰ ਸਮਰਥਨ ਦਾ ਐਲਾਨ ਕੀਤਾ ਜਦੋਂਕਿ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਵੀ ਮੋਰਚੇ ’ਤੇ ਡਟੇ ਹੋਏ ਹਨ।
ਉਧਰ, ਦੂਜੇ ਪਾਸੇ ਕੁੱਝ ਗਰਮ ਖਿਆਲੀਆਂ ਦੇ ਕਾਰਨ ਪੱਕੇ ਮੋਰਚੇ ਨੂੰ ਢਾਹ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ। ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖ਼ਾਲਸਾ ਨੇ ਗਣਤੰਤਰ ਦਿਵਸ ਦੇ ਮੌਕੇ ਬੁੜੈਲ ਜੇਲ੍ਹ ਅਤੇ ਗਵਰਨਰ ਹਾਊਸ ਨੂੰ ਘੇਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕੁੱਝ ਸਿੱਖਾਂ ਨੇ ਖ਼ਾਲਸਾ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਰੋਕਣ ਸਮੇਂ ਜਿਵੇਂ ਹੀ ਮੀਡੀਆ ਕਰਮੀਆਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕਾਰਕੁਨ ਪੱਤਰਕਾਰਾਂ ਦੇ ਗੱਲ ਪੈ ਗਏ ਅਤੇ ਫੋਨ ਅੱਗ ਵਿੱਚ ਸਾੜਨ ਦੀਆਂ ਧਮਕੀਆਂ ਦਿੱਤੀਆਂ।
ਅੱਜ ਬੰਦੀ ਸਿੰਘਾਂ ਸਮੇਤ ਸਾਰੇ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਪੱਕੇ ਮੋਰਚੇ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠ ਵੱਡਾ ਜਥਾ ਜੈਕਾਰੇ ਲਾਉਂਦੇ ਹੋਏ ਸ਼ਾਮਲ ਹੋਇਆ। ਜਿਸ ਦਾ ਸਿੱਖ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਰਨੇਕ ਸਿੰਘ ਭੱਲਮਾਜਰਾ, ਸੁਖਵਿੰਦਰ ਸਿੰਘ ਟੁੱਲੇਵਾਲ ਅਤੇ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਕਿਹਾ ਕਿ ਜਦੋਂ ਤੱਕ ਸਰਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਹੋਰ ਸਿੱਖ ਕੈਦੀਆਂ ਨੂੰ ਰਿਹਾਅ ਕਰਕੇ ਉਨ੍ਹਾਂ ਦੀ ਬਾਂਹ ਸਾਨੂੰ ਨਹੀਂ ਦਿੰਦੀ, ਉਦੋਂ ਤੱਕ ਕਿਸਾਨ, ਸਿੱਖਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੱਕੇ ਮੋਰਚੇ ’ਤੇ ਡਟੇ ਰਹਿਣਗੇ।
ਆਗੂਆਂ ਨੇ ਕਿਹਾ ਕਿ ਭਾਰਤ ਗਰੀਬਾਂ, ਦਲਿਤਾਂ, ਘੱਟ-ਗਿਣਤੀਆਂ, ਕੌਮੀਅਤਾਂ ਅਤੇ ਇਨਕਲਾਬੀਆਂ ਨੂੰ ਰਾਜਤੰਤਰ ਰਾਹੀਂ ਬੇਰਹਿਮੀ ਨਾਲ ਕੁਚਲਣ ਵਾਲੇ ਮੁਲਕਾਂ ’ਚੋਂ ਮੋਹਰੀ ਮੁਲਕ ਬਣ ਗਿਆ ਹੈ। ਜਿੱਥੇ ਨਾ ਸਿਰਫ਼ ਬੇਕਸੂਰ ਲੋਕ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ ਸਗੋਂ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਵੀ ਰਿਹਾਅ ਕਰਨ ਦੀ ਥਾਂ ਸਾਲਾਂਬੱਧੀ ਜੇਲ੍ਹਾਂ ਵਿੱਚ ਡੱਕ ਕੇ ਮਾਨਸਿਕ, ਸਮਾਜਿਕ, ਸਰੀਰਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿੱਚ ਹਜ਼ਾਰਾਂ ਕੈਦੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਕੇਂਦਰ ਸਰਕਾਰ ਦਾ ਵਤੀਰਾ ਬਹੁ-ਗਿਣਤੀਆਂ ਤੇ ਇਨਕਲਾਬੀਆਂ/ਘੱਟ-ਗਿਣਤੀਆਂ ਲਈ ਵੱਖੋ-ਵੱਖਰਾ ਹੈ।

ਇਸ ਮੌਕੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਯੂਥ ਵਿੰਗ ਦੇ ਆਗੂ ਬਲਦੀਪ ਸਿੰਘ ਸਿੱਧੂ, ਮਨਜੀਤ ਸਿੰਘ ਕੌਲੀ ਬਲਾਕ ਸਨੌਰ ਪ੍ਰਧਾਨ, ਗੁਰਜੰਟ ਸਿੰਘ ਰਾਮਪੁਰਾ ਬਲਾਕ ਪ੍ਰਧਾਨ, ਥਾਣਾ ਸਿੰਘ ਪਿੰਡ ਪ੍ਰਧਾਨ ਡਿੱਖ, ਗੋਰਾ ਡਿੱਖ ਰਾਮਪੁਰਾ, ਯਾਦਵਿੰਦਰ ਸਿੰਘ, ਮਿੱਠੂ ਸਿੰਘ ਮੰਡੀ ਕਲਾਂ ਸਮੇਤ ਲੱਖੋਵਾਲ ਗਰੁੱਪ ਦੇ ਆਗੂ ਜਸਵੰਤ ਸਿੰਘ ਮਦਨਪੁਰ, ਜਸਪਾਲ ਸਿੰਘ ਲਾਂਡਰਾਂ, ਭਜਨ ਸਿੰਘ ਦੁਰਾਲੀ, ਦਰਸ਼ਨ ਸਿੰਘ, ਜਗਤਾਰ ਸਿੰਘ ਰਾਏਪੁਰ ਕਲਾਂ ਅਤੇ ਰਾਜੇਵਾਲ ਗਰੁੱਪ ਦੇ ਲਖਵਿੰਦਰ ਸਿੰਘ ਕਰਾਲਾ ਅਤੇ ਹੋਰ ਆਗੂ ਮੌਜੂਦ ਸਨ।

Load More Related Articles

Check Also

ਖ਼ਰਾਬ ਮੌਸਮ: ਮੰਡੀਆਂ ਵਿੱਚ ਕਣਕ ਦੀ ਸੰਭਾਲ ਲਈ ਕਿਸਾਨਾਂ ਨੇ ਪ੍ਰਬੰਧਾਂ ਸਵਾਲ ਚੁੱਕੇ, ਸਰਕਾਰੀ ਦਾਅਵੇ ਨਕਾਰੇ

ਖ਼ਰਾਬ ਮੌਸਮ: ਮੰਡੀਆਂ ਵਿੱਚ ਕਣਕ ਦੀ ਸੰਭਾਲ ਲਈ ਕਿਸਾਨਾਂ ਨੇ ਪ੍ਰਬੰਧਾਂ ਸਵਾਲ ਚੁੱਕੇ, ਸਰਕਾਰੀ ਦਾਅਵੇ ਨਕਾਰੇ …