
ਪੰਜਾਬ ਪੁਲੀਸ ਵੱਲੋਂ ਸਿੱਖ ਨੌਜਵਾਨ ਗ੍ਰਿਫ਼ਤਾਰ, 5 ਰੋਜ਼ਾ ਪੁਲੀਸ ਰਿਮਾਂਡ
ਪਰਿਵਾਰਕ ਮੈਂਬਰਾਂ ਨੇ ਪਰਵਾਨਾ ਨੂੰ ਮਿਲਣ ਨਾ ਦੇਣ ਦਾ ਲਾਇਆ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਦੇ ਬਲੌਂਗੀ ਥਾਣੇ ਦੀ ਪੁਲੀਸ ਨੇ ਗਰਮਖਿਆਲੀ ਇਕ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ ਵਾਸੀ ਰਾਜਪੁਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖ਼ਿਲਾਫ਼ ਕਥਿਤ ਤੌਰ ’ਤੇ ਹਿੰਦੂ ਸਿੱਖਾਂ ਵਿੱਚ ਪਾੜ ਪਾ ਕੇ ਫਿਰਕੂ ਦੰਗੇ ਭੜਕਾਉਣ ਦਾ ਦੋਸ਼ ਹੈ। ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਦਾ ਮੁਖੀ ਹੈ। ਪੁਲੀਸ ਵੱਲੋਂ ਪਰਵਾਨਾ ਦੀ ਬਲੌਂਗੀ ਸੇਲ ਟੈਕਸ ਬੈਰੀਅਰ ਨੇੜੇ ਨਾਕਾਬੰਦੀ ’ਤੇ ਗ੍ਰਿਫ਼ਤਾਰੀ ਦਿਖਾਈ ਗਈ ਜਦੋਂਕਿ ਪਰਿਵਾਰ ਅਤੇ ਬਚਾਅ ਪਖੱ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿੱਖ ਆਗੂ ਨੂੰ ਮੁਹਾਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦਵਿੰਦਰ ਸਿੰਘ ਵਾਸੀ ਰਾਜਪੁਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਧਰ, ਸੂਤਰ ਦੱਸਦੇ ਹਨ ਕਿ ਨੌਜਵਾਨ ਖ਼ਿਲਾਫ਼ ਇਹ ਕਾਰਵਾਈ ਸ਼ਿਵ ਸੈਨਾ ਦੇ ਕਾਰਕੁਨਾਂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ 6 ਜੂਨ ਨੂੰ ਮਨਾਏ ਗਏ ਘੱਲੂਘਾਰਾ ਦਿਵਸ ਦੌਰਾਨ ਸ਼ਿਵ ਸੈਨਾ ਦੇ ਕਾਰਕੁਨਾਂ ਨੇ ਕੇਪੀਐਸ ਗਿੱਲ ਸਮੇਤ ਹੋਰਨਾਂ ਦੇ ਪੋਸਟਰਾਂ ਰਾਹੀਂ ਅਤਿਵਾਦ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ। ਜਿਸ ਦਾ ਗਰਮਖਿਆਲੀ ਬਲਜਿੰਦਰ ਸਿੰਘ ਪਰਵਾਨਾ ਤੇ ਸਾਥੀਆਂ ਨੇ ਕਾਫ਼ੀ ਬੁਰਾ ਮਨਾਉਂਦੇ ਹੋਏ ਸ਼ਿਵ ਸੈਨਾ ਕਾਰਕੁਨਾਂ ਵੱਲੋਂ ਕੇਪੀਐਸ ਗਿੱਲ ਤੇ ਹੋਰਨਾਂ ਦੀਆਂ ਲਗਾਈਆਂ ਤਸਵੀਰਾਂ ਵਾਲੇ ਪੋਸਟਰਾਂ ਨੂੰ ਤਲਵਾਰ ਨਾਲ ਫਾੜ ਕੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸ਼ਿਵ ਸੈਨਾ ਖ਼ਿਲਾਫ਼ ਭੜਾਸ ਕੱਢੀ ਗਈ ਸੀ। ਪੰਜਾਬ ਪੁਲੀਸ ਦੀ 20 ਤੋਂ 25 ਮੈਂਬਰ ਟੀਮ ਵੱਲੋਂ ਪਰਵਾਨਾ ਅਤੇ ਦਵਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਨੂੰ ਘਰ ’ਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ।
ਉਧਰ, ਬਲੌਂਗੀ ਥਾਣੇ ਵਿੱਚ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਦਰਸਾਇਆ ਗਿਆ ਹੈ ਕਿ ਪੁਲੀਸ ਪਾਰਟੀ ਵੱਲੋਂ ਬਲੌਂਗੀ ਸੇਲ ਟੈਕਸ ਬੈਰੀਅਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਪਰਵਾਨਾ ਅਤੇ ਦਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਕਿਸੇ ਸਾਜ਼ਿਸ਼ ਦੀ ਤਿਆਰੀ ਕਰ ਰਹੇ ਹਨ। ਜਿਸ ਨਾਲ ਪੰਜਾਬ ਵਿੱਚ ਦੋ ਪ੍ਰਮੁੱਖ ਫ਼ਿਰਕਿਆਂ ਵਿੱਚ ਦੰਗੇ ਫੈਲ ਸਕਦੇ ਹਨ ਅਤੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਪੁਲੀਸ ਅਨੁਸਾਰ ਪਰਵਾਨਾ ਪਹਿਲਾਂ ਵੀ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਲੋਕਾਂ ਨੂੰ ਭੜਕਾਉਂਦਾ ਰਹਿੰਦਾ ਹੈ। ਹੁਣ ਵੀ ਉਹ ਆਪਣੇ ਸਾਥੀਆਂ ਨਾਲ ਖ਼ਤਰਨਾਕ ਸਾਜ਼ਿਸ਼ ਰਚ ਕੇ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਜੇਕਰ ਉਸ ਦੇ ਖ਼ਿਲਾਫ਼ ਫੌਰੀ ਤੌਰ ’ਤੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਧਾਰਾ 153ਏ, 505 (2) ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਬਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਦਿਖਾਈ ਹੈ ਜਦੋਂਕਿ ਦਵਿੰਦਰ ਸਿੰਘ ਜੋ ਉਸ ਦੇ ਦੱਸਿਆ ਜਾ ਰਿਹਾ ਸੀ ਬਾਰੇ ਪੁਲੀਸ ਕੁਝ ਨਹੀਂ ਦੱਸ ਰਹੀ ਹੈ। ਅੱਜ ਅਦਾਲਤ ਵਿੱਚ ਵੀ ਪਰਵਾਨਾ ਨੂੰ ਹੀ ਪੇਸ਼ ਕੀਤਾ ਗਿਆ ਹੈ।
ਅੱਜ ਬਲਜਿੰਦਰ ਸਿੰਘ ਨੂੰ ਪਿਛਲੇ ਗੇਟ ਰਾਹੀਂ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੇ ਹੋਰਨਾਂ ਸਾਥੀਆਂ ਬਾਰੇ ਪੁੱਛਗਿੱਛ ਕਰਨੀ ਹੈ। ਬਚਾਅ ਪੱਖ ਦੇ ਵਕੀਲਾਂ ਦਿਲਸ਼ੇਰ ਸਿੰਘ, ਰਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਪੁਲੀਸ ਰਿਮਾਂਡ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਪੁਲੀਸ ਪਰਵਾਨਾ ਨੂੰ ਝੂਠੇ ਮਾਮਲੇ ਵਿੱਚ ਫਸਾ ਰਹੀ ਹੈ। ਉਧਰ, ਪਰਿਵਾਰਕ ਮੈਂਬਰਾਂ ਨੇ ਪੁਲੀਸ ’ਤੇ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਪਰਵਾਨਾ ਨਾਲ ਮਿਲਣ ਨਹੀਂ ਦੇ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲੀਸ ਨੇ ਘਰ ਤੋਂ ਤਲਾਸ਼ੀ ਦੌਰਾਨ ਬੱਚਿਆਂ ਦਾ ਲੈਪਟਾਪ ਸਮੇਤ ਹੋਰ ਕਾਫੀ ਸਮਾਤ ਚੁੱਕ ਕੇ ਆਪਣੇ ਨਾਲ ਲੈ ਗਈ ਹੈ ਪ੍ਰੰਤੂ ਤਲਾਸ਼ੀ ਦੌਰਾਨ ਪੁਲੀਸ ਨੂੰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ।