Nabaz-e-punjab.com

ਸ੍ਰੀ ਹਰੀ ਮੰਦਰ ਫੇਜ਼-5 ਵਿੱਚ ਸ਼ਿਵ ਜੀ ਦੇ ਸ਼ਿਵਲਿੰਗ ਤੋਂ 6 ਕਿੱਲੋ ਚਾਂਦੀ ਚੋਰੀ

ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ, ਗਰਿੱਲ ਤੋੜ ਕੇ ਮੰਦਰ ਵਿੱਚ ਦਾਖ਼ਲ ਹੋਏ ਤਿੰਨ ਚੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਇੱਥੋਂ ਦੇ ਸ੍ਰੀ ਹਰੀ ਮੰਦਰ ਫੇਜ਼-5 ਵਿੱਚ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਤੋਂ ਲਗਭਗ 6 ਕਿੱਲੋ ਚਾਂਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਤਿੰਨ ਨੌਜਵਾਨ ਬਾਂਦਰ ਟੋਪੀ ਨਾਲ ਆਪਣੇ ਮੂੰਹ ਢੱਕ ਕੇ ਖਿੜਕੀ ਦੀ ਗਰਿੱਲ ਤੋੜ ਕੇ ਮੰਦਰ ਵਿੱਚ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੀ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ। ਸੂਚਨਾ ਮਿਲਦੇ ਹੀ ਥਾਣਾ ਫੇਜ਼-1 ਦੇ ਐਸਐਚਓ ਲਖਵਿੰਦਰ ਸਿੰਘ, ਪੀਸੀਆਰ ਦੇ ਇੰਚਾਰਜ ਅਜੇ ਪਾਠਕ ਅਤੇ ਹੋਰ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਇਸ ਮਗਰੋਂ ਏਐਸਪੀ ਅਸ਼ਵਨੀ ਗੋਟਿਆਲ ਵੀ ਮੌਕੇ ’ਤੇ ਪਹੁੰਚੇ ਅਤੇ ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨਾਲ ਗੱਲਬਾਤ ਕਰਕੇ ਜਾਇਜ਼ਾ ਲਿਆ।
ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੇ ਵੀਰਵਾਰ ਦੀ ਰਾਤ ਨੂੰ ਤਿੰਨ ਅਣਪਛਾਤੇ ਵਿਅਕਤੀ ਖਿੜਕੀ ਵਿੱਚ ਲੱਗੀ ਲੋਹੇ ਦੀ ਗਰਿੱਲ ਤੋੜ ਕੇ ਜੁੜੀਆਂ ਸਣੇ ਮੰਦਰ ਵਿੱਚ ਦਾਖ਼ਲ ਹੋਏ। ਸਭ ਤੋਂ ਪਹਿਲਾਂ ਚੋਰਾਂ ਨੇ ਮੇਨ ਹਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਉੱਤੇ ਕੰਬਲ ਪਾਇਆ। ਇਸ ਮਗਰੋਂ ਉਨ੍ਹਾਂ ਦਰਵਾਜੇ ਦੀ ਚਗਾਠ ਦੇ ਉਪਰ ਲੱਗੇ ਇਕ ਸੀਸੀਟੀਵੀ ਕੈਮਰੇ ਦੀ ਤਾੜ ਤੋੜੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਚੋਰ ਸ਼ਿਵ ਜੀ ਦੇ ਮੰਦਰ ਵਿੱਚ ਦਾਖ਼ਲ ਹੋਏ ਅਤੇ ਸ਼ਿਵਲਿੰਗ ਉੱਤੋਂ ਕਰੀਬ 4 ਕਿੱਲੋਂ ਚਾਂਦੀ ਦੀ ਪਰਤ ਚੋਰੀ ਕੀਤੀ ਗਈ ਅਤੇ ਸ਼ਿਵਲਿੰਗ ਨੇੜੇ ਹੀ ਸਥਿਤ ਕਰੀਬ ਦੋ ਕਿੱਲੋ ਵਜ਼ਨ ਚਾਂਦੀ ਦਾ ਨਾਗ ਚੋਰੀ ਕਰਕੇ ਫਰਾਰ ਹੋ ਗਏ। ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੁਤਾਬਕ ਲੰਘੀ ਦੇਰ ਰਾਤ ਚੋਰ 2 ਕੁ ਵਜੇ ਮੰਦਰ ਵਿੱਚ ਦਾਖ਼ਲ ਹੋਏ ਅਤੇ ਕਰੀਬ ਸਾਢੇ 3 ਵਜੇ ਤੱਕ ਉੱਥੇ ਰਹੇ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਮੰਦਰ ਦੇ ਸੇਵਾਦਾਰ ਅਨਸੂਈਆ ਪ੍ਰਸ਼ਾਦ ਕਿਸੇ ਸ਼ਰਧਾਲੂ ਦੇ ਮੰਦਰ ਵਿੱਚ ਆਉਣ ’ਤੇ ਸਵੇਰੇ ਤੜਕੇ ਕਰੀਬ 4 ਵਜੇ ਉੱਠ ਕੇ ਮੰਦਰ ਵਿੱਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਿਵ ਜੀ ਦੇ ਸ਼ਿਵਲਿੰਗ ਨਾਲ ਸਥਿਤ ਵੱਡਾ ਤਰਸੂਲ ਮੇਨ ਹਾਲ ਵਿੱਚ ਜ਼ਮੀਨ ’ਤੇ ਡਿੱਗਿਆ ਪਿਆ ਸੀ ਅਤੇ ਇਕ ਸੀਸੀਟੀਵੀ ਕੈਮਰੇ ਦੀ ਤਾਰ ਟੁੱਟੀ ਹੋਈ ਜਦੋਂਕਿ ਇਕ ਸੀਸੀਟੀਵੀ ਕੈਮਰੇ ਉੱਤੇ ਕੰਬਲ ਲਮਕ ਰਿਹਾ ਸੀ। ਚੋਰਾਂ ਨੇ ਸਿਰਫ਼ ਚਾਂਦੀ ਹੀ ਚੋਰੀ ਕੀਤੀ ਹੈ ਜਦੋਂਕਿ ਗੋਲਕ ਸਹੀ ਸਲਾਮਤ ਹੈ। ਉਂਜ ਮੰਦਰ ਹਾਲ ਵਿੱਚ ਪਿਆ ਲੈਪਟਾਪ ਵੀ ਚੋਰੀ ਹੋਣ ਤੋਂ ਬਚ ਗਿਆ ਹੈ।
ਸੇਵਾਦਾਰ ਨੇ ਤੁਰੰਤ ਮੰਦਰ ਕਮੇਟੀ ਦੇ ਪ੍ਰਧਾਨ ਮਹੇਸ਼ ਮੰਨਨ ਨੂੰ ਫੋਨ ’ਤੇ ਇਤਲਾਹ ਦਿੱਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸ਼ਹਿਰ ’ਚੋਂ ਬਾਹਰ ਹਨ। ਇਸ ਮਗਰੋਂ ਸਕੱਤਰ ਐਸਕੇ ਸਚਦੇਵਾ ਅਤੇ ਇਲਾਕੇ ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੂੰ ਇਤਲਾਹ ਦਿੱਤੀ ਗਈ ਅਤੇ ਪੁਲੀਸ ਕੰਟਰੋਲ ਰੂਮ ਨੂੰ ਵੀ ਸੂਚਨਾ ਦਿੱਤੀ ਗਈ। ਪੀਸੀਆਰ ਦੇ ਇੰਚਾਰਜ ਅਜੇ ਪਾਠਕ ਅਤੇ ਹੋਰਨਾਂ ਨੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਮੌਕੇ ’ਤੇ ਸੱਦ ਕੇ ਫਿੰਗਰ ਪ੍ਰਿੰਟ ਲਏ ਗਏ।
ਇਸ ਮੌਕੇ ਏਐਸਪੀ ਅਸ਼ਵਨੀ ਗੋਟਿਆਲ ਅਤੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੰਦਰ ਕਮੇਟੀ ਅਤੇ ਸ਼ਰਧਾਲੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…