ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਨਾਨਕ ਕਿੱਥੇ ਗਏ’ ਰਿਲੀਜ਼
ਨਬਜ਼-ਏ-ਪੰਜਾਬ, ਮੁਹਾਲੀ, 12 ਮਾਰਚ:
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਨਾਨਕ ਕਿੱਥੇ ਗਏ’ ਅਸੀਸ ਰੀਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਨੇ ਖ਼ੁਦ ਕੀਤਾ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਨੇ ਦਿੱਤਾ ਹੈ ਅਤੇ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ।
ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ, ਜਦਕਿ ਗੀਤ ਵਿੱਚ ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਸਤਵੰਤ ਕੌਰ ਨੇ ਅਦਾਕਾਰੀ ਕੀਤੀ ਹੈ। ਇਸ ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਨੇ ਕੀਤੇ ਹਨ। ਇਸ ਗੀਤ ਵਿੱਚ ਅਸੀਸ ਕੌਰ ਨੇ ਧਰਮ ਦੇ ਨਾਂ ’ਤੇ ਝੂਠੇ ਕਰਮ ਕਾਂਡ, ਕਟੱੜਤਾ ਤੇ ਪਖੰਡਾਂ ਦਾ ਵਿਰੋਧ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦਾ ਭਲਾ ਅਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਬਹੁਤ ਹੀ ਵਧੀਆ ਅਤੇ ਸੁੰਦਰ ਢੰਗ ਨਾਲ ਦਰਸਾਇਆ ਹੈ। ਗੀਤ ਵਿੱਚ ਗੁਰ ਸਾਹਿਬ ਵੱਲੋਂ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਉਨ੍ਹਾਂ ਦੇ ਲਏ ਜਾਣ ਵਾਲੇ ਵੱਖ-ਵੱਖ ਨਾਮਾਂ ‘‘ਨਾਨਕ ਲਾਮਾ’’, ‘‘ਨਾਨਕ ਪੀਰ’’, ‘‘ਬਾਬਾ ਫੂਸਾ’’, ‘‘ਨਾਨਕ ਆਚਾਰਿਆ’’ ਆਦਿ ਬਾਰੇ ਦੱਸਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼ ’ਤੇ ਦੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’, ‘ਸਿੰਘ ਸ਼ਹੀਦਾਂ ਦਾ ਡੇਰਾ’, ‘ਜਨਮ ਦਿਨ ਮੁਬਾਰਕ, ‘ਥੋਡਾ ਸੋਹਣਾ ਹੈ ਦਰਬਾਰ’, ‘ਪਿਆਰ ਬੇਸ਼ੁਮਾਰ’, ‘ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ’, ‘ਹੰਸਾਲੀ ਵਾਲੇ ਸੰਤਾਂ ਦੇ ਬਚਨ’ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ।
ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਅਤੇ ਸਨਮਾਨਯੋਗ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਹੈ, ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜ੍ਹੀ ਨੂੰ ਅਮਨ, ਸ਼ਾਂਤੀ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ।