
ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਤੂਹੀ ਤੂਹੀ’ ਰਿਲੀਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ:
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਤੂਹੀ ਤੂਹੀ’ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦੀ ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਕੀਤਾ ਗਿਆ ਹੈ। ਫਤਿਹ ਟੀਵੀ ਚੈਨਲ ਵੱਲੋਂ ਰਿਲੀਜ਼ ਇਸ ਗੀਤ ਦੀ ਸ਼ੂਟਿੰਗ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਹੋਈ ਹੈ। ਗੀਤ ਦਾ ਸੰਗੀਤ ਮਿਸ਼ਟਰ ਡੋਪਸ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦਾ ਵੀਡੀਓ ਸਾਹਿਲ ਫਿਲਮ ਵੱਲੋਂ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਦੀ ਐਡੀਟਿੰਗ ਰਾਜਾ ਫਿਲਮ ਪ੍ਰੋਡਕਸ਼ਨ ਵੱਲੋੱ ਕੀਤੀ ਗਈ ਹੈ। ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਹਰ ਥਾਂ ਵਿਆਪਕ ਪਰਮਾਤਮਾ ਜੀ ਦੀ ਉਪਮਾ ਬਾਰੇ ਦਰਸਾਇਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਕੌਰ ਐਨ ਜੈਡ ’ਤੇ ਦੇਖਿਆ ਜਾ ਸਕਦਾ ਹੈ।
ਇਸ ਮੌਕੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਦੇ ਧਾਰਮਿਕ ਗੀਤ ‘ਪਾਤਸ਼ਾਹ ਗੁਰੂ ਤੇਗ ਬਹਾਦਰ ਜੀ’, ‘ਤਰਸ ਨੀ ਆਇਆ’, ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ ਬਾਬਾ ਹਨੂੰਮਾਨ ਸਿੰਘ ਜਥੇਦਾਰ’, ‘ਤੱਤੀ ਤਵੀ’, ‘ਪਿਆਰ ਬੇਸ਼ੁਮਾਰ’ ਅਤੇ ‘ਗਾਵਹੁ ਸਚੀ ਬਾਣੀ’ ਨੂੰ ਸਰੋਤਿਆਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ। ਅਦਾਕਾਰੀ ਦੇ ਖੇਤਰ ਵਿੱਚ ਵੀ ਅਸੀਸ ਕੌਰ ਪੰਜਾਬੀ ਵੀਡੀਓ ਐਲਬਮ ‘ਅਰਦਾਸ’ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਗੀਤ ‘ਅਸੀਂ ਪੰਜਾਬੀ ਹੁੰਦੇ ਹਾਂ’ ਅਤੇ ਕਾਮੇਡੀ ਐਲਬਮ ‘ਬਸਤੇ ਦਾ ਭਾਰ’ ਤੋਂ ਇਲਾਵਾ ਕਈ ਟੀ ਵੀ ਸੀਰੀਅਲਾਂ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਅਹਿਮ ਭੁਮਿਕਾ ਨਿਭਾਅ ਚੁੱਕੀ ਹੈ। ਅਸੀਸ ਕੌਰ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਪੰਜਾਬ ਸਰਕਾਰ ਅਤੇ ਹੋਰਨਾਂ ਵੱਡੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।