nabaz-e-punjab.com

ਗਾਇਕ ਐਲੀ ਮਾਂਗਟ ਜੇਲ੍ਹ ’ਚੋਂ ਰਿਹਾਅ, ਗਾਇਕ ਰੰਮੀ ਰੰਧਾਵਾ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ

ਗਾਇਕ ਰੰਮੀ ਰੰਧਾਵਾ ਨੇ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਮੁਹੱਈਆ ਕਰਨ ਦੀ ਗੁਹਾਰ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਗਾਇਕ ਐਲੀ ਮਾਂਗਟ ਦੀ ਜ਼ਮਾਨਤ ਤੋਂ ਬਾਅਦ ਦੂਜੇ ਗਾਇਕ ਰੰਮੀ ਰੰਧਾਵਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਰੰਮੀ ਰੰਧਾਵਾ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਉੱਚ ਅਦਾਲਤ ਤੋਂ ਸੁਰੱਖਿਆ ਛੱਤਰੀ ਮੁਹੱਈਆ ਕਰਵਾਉਣ ਦੀ ਗੁਹਾਰ ਲਗਾਈ ਹੈ। ਉਧਰ, ਅੱਜ ਦੇਰ ਸ਼ਾਮ ਗਾਇਕ ਐਲੀ ਮਾਂਗਟ ਰੂਪਨਗਰ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ।
ਗਾਇਕ ਰੰਮੀ ਰੰਧਾਵਾ ਨੇ ਆਪਣੇ ਵਕੀਲ ਪੈਰੀ ਸੋਬਤ ਰਾਹੀਂ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਸਮੁੱਚੇ ਘਟਨਾਕ੍ਰਮ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਧਮਕੀਆਂ ਤੋਂ ਬਾਅਦ ਮਾਮਲਾ ਜ਼ਿਆਦਾ ਗਰਮਾਉਣ ਤੋਂ ਬਾਅਦ ਉਨ੍ਹਾਂ ਨੇ ਮੁਹਾਲੀ ਅਤੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਰੰਮੀ ਰੰਧਾਵਾ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਸੀ। ਇਸ ਦੇ ਬਾਵਜੂਦ ਐਲੀ ਮਾਂਗਟ ਅਤੇ ਸਮਰਥਕ ਸ਼ਰ੍ਹੇਆਮ ਧਮਕੀਆਂ ਦੇ ਰਹੇ ਸੀ। ਵਕੀਲ ਨੇ ਕਿਹਾ ਕਿ ਗੀਤ ਬੋਲਾਂ ਦਾ ਵਿਰੋਧ ਸਿਰਫ਼ ਪੰਜਾਬੀ ਸਭਿਆਚਾਰ ਅਤੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦੇਣ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕੋਈ ਹੋਰ ਮਨਸ਼ਾ ਨਹੀਂ ਸੀ। ਕਿਉਂਕਿ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਨੌਜਵਾਨ ਪੀੜ੍ਹੀ ਫਾਲੋ ਕਰਦੀ ਹੈ ਅਤੇ ਗੈਰ ਮਿਆਰੀ ਗੀਤਾਂ ਦਾ ਨੌਜਵਾਨਾਂ ’ਤੇ ਮਾੜਾ ਅਸਰ ਪੈਂਦਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਜਿੰਦਰ ਕੌਰ ਨੇ ਸੋਹਾਣਾ ਪੁਲੀਸ ਵੱਲੋਂ ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਨੂੰ ਵੱਡੀ ਰਾਹਤ ਦਿੰਦਿਆਂ ਮੁਲਜ਼ਮਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ ਸਨ, ਪ੍ਰੰਤੂ ਅਦਾਲਤ ਵੱਲੋਂ ਜ਼ਮਾਨਤ ਧਾਰਾ 295ਏ, 294, 504,506, ਆਈਟੀ ਐਕਟ 67 ਅਤੇ 120ਬੀ ਦੇ ਤਹਿਤ ਮਨਜ਼ੂਰ ਕੀਤੀ ਗਈ ਸੀ ਇਸ ਤਰ੍ਹਾਂ ਵਕੀਲਾਂ ਵੱਲੋਂ ਅੱਜ ਬਾਕੀ ਤਿੰਨ ਧਾਰਾਵਾਂ 505, 148, 149 ਦੇ ਤਹਿਤ ਜ਼ਮਾਨਤ ਲਈ ਨਵੇਂ ਸਿਰਿਓਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ। ਜਿਨ੍ਹਾਂ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਅੱਜ ਦੋਵੇਂ ਮੁਲਜ਼ਮਾਂ ਵੱਲੋਂ ਆਪਣੇ ਵਕੀਲਾਂ 1-1 ਲੱਖ ਰੁਪਏ ਦੇ ਦੋ ਮੁਚੱਲਕੇ ਭਰੇ ਗਏ। ਇਸ ਮਗਰੋਂ ਅਦਾਲਤੀ ਸਟਾਫ਼ ਵੱਲੋਂ ਈਮੇਲ ਰਾਹੀਂ ਜੇਲ੍ਹ ਸੁਪਰਡੈਂਟ ਨੂੰ ਮੁਲਜ਼ਮਾਂ ਦੇ ਰਿਲੀਜ਼ ਆਰਡਰ ਭੇਜੇ ਗਏ। ਪਤਾ ਲੱਗਾ ਹੈ ਕਿ ਦੇਰ ਸ਼ਾਮ ਗਾਇਕ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ। ਇਸ ਮੌਕੇ ਜੇਲ੍ਹ ਦੇ ਬਾਹਰ ਐਲੀ ਮਾਂਗਟ ਦੇ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਦੌਰਾਨ ਐਲੀ ਮਾਂਗਟ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਰੇਂਜ ਰੋਬਰ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …