ਗਾਇਕ ਹਰਭਜਨ ਮਾਨ ਨੇ ਭੁੱਖ ਹੜਤਾਲ ਕੈਂਪਸ ਵਿੱਚ ਪਹੁੰਚ ਕੇ ਕਿਸਾਨੀ ਸੰਘਰਸ਼ ਵਿੱਚ ਭਰਿਆ ਜੋਸ਼

ਕਿਸਾਨਾਂ ਨਾਲ ਭੁੱਖ-ਹੜਤਾਲ ’ਤੇ ਬੈਠੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਤੇ ਸਾਥੀ

ਮੁੜਦੇ ਨੀਂ ਲਏ ਬਿਨਾਂ ਹੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਗੀਤ ਰਾਹੀਂ ਹੁਕਮਰਾਨਾਂ ਨੂੰ ਕੋਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪੁਆਧ ਇਲਾਕਾ ਮੁਹਾਲੀ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਨ ਵਿੱਚ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਸ਼ੁੱਕਰਵਾਰ ਨੂੰ 32ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਪਿੰਡ ਸੁੱਖਗੜ੍ਹ ਦਾ ਜਥਾ ਹਰਪ੍ਰੀਤ ਸਿੰਘ ਟਿੱਕਾ, ਦੀਦਾਰ ਸਿੰਘ, ਨਛੱਤਰ ਸਿੰਘ, ਜਸਵੀਰ ਸਿੰਘ, ਬਲਬੀਰ ਸਿੰਘ, ਅਮਨਪ੍ਰੀਤ ਸਿੰਘ, ਬੰਤ ਸਿੰਘ, ਨੰਬਰਦਾਰ ਹਰਿੰਦਰ ਸਿੰਘ ਭੁੱਖ-ਹੜਤਾਲ ’ਤੇ ਬੈਠੇ। ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੀ ਆਪਣੇ ਸਮਰਥਕਾਂ ਸਮੇਤ ਕਿਸਾਨਾਂ ਨਾਲ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਨਿੱਜੀ ਲੜਾਈ ਨਹੀਂ ਹੈ ਬਲਕਿ ਕਾਲੇ ਖੇਤੀ ਕਾਨੂੰਨਾਂ ਦਾ ਸਾਰੇ ਵਰਗਾਂ ’ਤੇ ਮਾੜਾ ਅਸਰ ਪਵੇਗਾ। ਇਸ ਲਈ ਫਤਿਹ ਹਾਸਲ ਕਰਨ ਲਈ ਹਰੇਕ ਨਾਗਰਿਕ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ।
ਹਰਭਜਨ ਮਾਨ ਨੇ ‘ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ’ ਗੀਤ ਰਾਹੀਂ ਜਿੱਥੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰਿਆ ਉੱਥੇ ਦਿੱਲੀ ਦੀ ਮੋਦੀ ਸਰਕਾਰ ਨੂੰ ਚੁਨੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਹੀ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਕਿਸਾਨੀ ਝੰਡੇ ਫੜ ਕੇ ਖੜੇ ਦੇਖਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਵਰਗੇ ਵਿਕਸਤ ਦੇਸ਼ ’ਚੋਂ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਰਗੀ ਦੁਨੀਆਂ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਇਹ ਸਭ ਤੋਂ ਵੱਡਾ ਸੰਘਰਸ਼ ਤੇ ਲੰਮਾ ਚੱਲਣ ਵਾਲਾ ਸੰਘਰਸ਼ ਹੈ।
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਅਮਰਜੀਤ ਸਿੰਘ ਨਰੈਣ, ਇਸ਼ਪ੍ਰੀਤ ਸਿੰਘ ਵਿੱਕੀ, ਦਵਿੰਦਰ ਸਿੰਘ ਬੌਬੀ, ਨੰਬਰਦਾਰ ਹਰਵਿੰਦਰ ਸਿੰਘ, ਕਰਮਜੀਤ ਸਿੰਘ, ਅਮਨ ਪੂਨੀਆ, ਗੁਰਦੀਪ ਸਿੰਘ ਗੁਰੀ ਬੈਦਵਾਨ, ਖੁਸ਼ਇੰਦਰ ਸਿੰਘ ਬੈਦਵਾਨ ਸਮੇਤ ਵੱਡੀ ਗਿਣਤੀ ਵਿੱਚ ਅੌਰਤਾਂ ਵੀ ਹਾਜ਼ਰ ਸਨ। ਇਸੇ ਦੌਰਾਨ ਗਾਇਕ ਹਰਭਜਨ ਮਾਨ ਨੇ ਪ੍ਰਭਜੋਤ ਕੌਰ ਢਿੱਲੋਂ ਦੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਚੌਥੀ ਪੁਸਤਕ ‘ਹੱਕ ਸੱਚ ਦੀ ਆਵਾਜ਼ ਕਿਸਾਨੀ ਅੰਦੋਲਨ’ ਰਿਲੀਜ਼ ਕੀਤੀ ਅਤੇ ਢਿੱਲੋਂ ਨੂੰ ਕਿਤਾਬ ਲਿਖਣ ਲਈ ਵਧਾਈ ਦਿੰਦਿਆਂ ਕਿਹਾ ਕਿ ਕਿਸਾਨੀ ਮਸਲੇ ਨਾਲ ਜੁੜੀ ਇਹ ਕਿਤਾਬ ਸੰਘਰਸ਼ਸ਼ੀਲ ਅੰਨਦਾਤਵਾਂ ਦੀ ਹੌਸਲਾ ਅਫ਼ਜਾਈ ਕਰੇਗੀ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …