
ਸੜਕ ਹਾਦਸੇ ਵਿੱਚ ਗੀਤਕਾਰ ਜਾਨੀ ਸਮੇਤ 3 ਜ਼ਖ਼ਮੀ
ਮੁਹਾਲੀ ਦੇ ਸੈਕਟਰ-88 ਵਿੱਚ ਗੀਤਕਾਰ ਦੀ ਫਾਰਚੂਨਰ ਦੀ ਫੋਰਡ ਫੀਗੋ ਨਾਲ ਹੋਈ ਟੱਕਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਇੱਥੋਂ ਦੇ ਸੈਕਟਰ-88 ਵਿੱਚ ਮੰਗਲਵਾਰ ਦੇਰ ਸ਼ਾਮ ਵਾਪਰੇ ਇੱਕ ਸੜਕ ਹਾਦਸੇ ਵਿੱਚ ਮਸ਼ਹੂਰ ਗੀਤ ‘ਤੇਰਾ ਯਾਰ ਤਿੱਤਲੀਆਂ ਵਰਗਾ’ ਦੇ ਗੀਤਕਾਰ ਜਾਨੀ ਸਮੇਤ ਉਸ ਦਾ ਦੋਸਤ ਅਤੇ ਫੀਗੋ ਕਾਰ ਦਾ ਚਾਲਕ ਜ਼ਖ਼ਮੀ ਹੋ ਗਏ। ਗੀਤਕਾਰ ਜਾਨੀ ਅਤੇ ਉਸ ਦੇ ਦੋਸਤ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੀਤਕਾਰ ਦੀ ਪਿੱਠ ਅਤੇ ਗਰਦਨ ’ਤੇ ਸੱਟ ਲੱਗੀ ਹੈ ਜਦੋਂਕਿ ਉਸ ਦੇ ਦੋਸਤ ਦੀ ਰੀੜ੍ਹ ਦੀ ਹੱਡੀ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।
ਸੂਚਨਾ ਮਿਲਦੇ ਹੀ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੀਤਕਾਰ ਜਾਨੀ ਆਪਣੇ ਦੋਸਤ ਨਾਲ ਕਿੱਧਰੇ ਜਾ ਰਿਹਾ ਸੀ ਕਿ ਜਦੋਂ ਉਹ ਸੈਕਟਰ-88 ਵਿੱਚ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੀ ਇੱਕ ਫੋਰਡ ਫੀਗੋ ਕਾਰ ਨਾਲ ਟੱਕਰ ਹੋ ਗਈ।

ਹਾਦਸਾ ਐਨਾ ਭਿਆਨਕ ਸੀ ਕਿ ਟੱਕਰ ਲੱਗਣ ਤੋਂ ਬਾਅਦ ਗੀਤਕਾਰ ਦੀ ਫਾਰਚੂਨਰ ਗੱਡੀ ਸੜਕ ’ਤੇ ਪਲਟ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਹਾਦਸਾ ਗ੍ਰਸਤ ਵਾਹਨਾਂ ’ਚੋਂ ਬਾਹਰ ਕੱਢਿਆ। ਗੀਤਕਾਰ ਅਤੇ ਉਸ ਦੇ ਦੋਸਤ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫੀਗੋ ਕਾਰ ਦੇ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।