ਸਿੰਗਲਾ ਨੇ ਝਾਮਪੁਰ-ਤੀੜਾ ਸੜਕ ’ਤੇ ਪਟਿਆਲਾ ਕੀ ਰਾਓ ’ਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ

213.00 ਲੱਖ ਰੁਪਏ ਦੀ ਲਾਗਤ ਨਾਲ 9 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ ਪ੍ਰਾਜੈਕਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਪੰਜਾਬ ਦੇ ਪੀਡਬਲਿਊਡੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਮੌਜੂਦਗੀ ਵਿੱਚ ਪਟਿਆਲਾ ਕੀ ਰਾਓ ’ਤੇ ਬਣਨ ਵਾਲੇ ਪੁਲ ਦਾ ਨੀਂਹ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 213.00 ਲੱਖ ਰੁਪਏ ਖ਼ਰਚੇ ਜਾਣਗੇ ਅਤੇ ਇਹ ਕੰਮ 9 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਚੌੜਾਈ 8.50 ਮੀਟਰ ਹੈ ਜਦੋਂਕਿ ਅਪਰੋਚਾਂ ਝਾਂਮਪੁਰ ਸਾਈਡ 64.86 ਮੀਟਰ ਅਤੇ ਤੀੜਾ ਸਾਈਡ 124.86 ਮੀਟਰ ਹਨ।
ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਾਹਿਬ, ਰਾਏਪੁਰ-ਬਹਿਲਲਪੁਰ, ਝਾਂਮਪੁਰ ਅਤੇ ਤੀੜਾ ਸਮੇਤ ਕਰੀਬ 15-20 ਪਿੰਡਾਂ ਨੂੰ ਆਪਸ ਵਿੱਚ ਜੋੜਦੀ ਲਿੰਕ ਸੜਕ ਦੇ ਆਲੇ ਦੁਆਲੇ ਵਿੱਦਿਅਕ ਸੰਸਥਾਵਾਂ, ਫੈਕਟਰੀਆਂ ਅਤੇ ਰਿਹਾਇਸੀ ਕਲੋਨੀਆਂ ਬਣ ਚੁੱਕੀਆਂ ਹਨ ਅਤੇ ਪਿੰਡ ਝਾਂਮਪੁਰ ਅਤੇ ਤੀੜਾ ਨੇੜਿਓਂ ਲੰਘਦੀ ਪਟਿਆਲਾ ਕੀ ਰਾਓ ਚੋਅ ਉੱਤੇ ਕਾਫ਼ੀ ਸਮਾਂ ਪਹਿਲਾਂ ਕਾਜ਼ਵੇ ਉਸਾਰਿਆ ਗਿਆ ਸੀ, ਜੋ ਅਗਸਤ 2019 ਨੂੰ ਭਾਰੀ ਬਰਸਾਤਾਂ ਕਾਰਨ ਹੜ ਗਿਆ ਸੀ ਅਤੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪ੍ਰੰਤੂ ਹੁਣ ਇਸ ਚੋਅ ਉੱਤੇ ਪੁਲ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕੇ ਸੂਬੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਸੂਬੇ ਵਿਚ ਵੱਡੀ ਗਿਣਤੀ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਸਬੰਧੀ ਦਿੱਕਤ ਜ਼ਰੂਰ ਆਈ ਹੈ ਪਰ ਇਹ ਮੁਸ਼ਕਲ ਫੌਰੀ ਹੱਲ ਕੀਤੀ ਜਾ ਰਹੀ ਹੈ ਤੇ ਸਨਅਤ ਦੀ ਬਿਜਲੀ ਖੇਤੀ ਸੈਕਟਰ ਤੇ ਰਿਹਾਇਸ਼ੀ ਖੇਤਰ ਵੱਲ ਡਾਈਵਰਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀੜੇ ਵਾਲੇ ਪਾਸੇ ਜਾਂਦੀ ਸੜਕ ਦਾ ਜਿਹੜਾ ਟੋਟਾ ਬਣਨ ਵਾਲਾ ਹੈ, ਉਸ ਸਬੰਧੀ ਵਿਭਾਗੀ ਸਮੀਖਿਆ ਕਰ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਉਹ ਖ਼ੁਦ ਇਸ ਖੇਤਰ ਦੀ ਬਿਹਤਰੀ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ ਅਤੇ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਕੰਗ, ਪੰਜਾਬ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …