Nabaz-e-punjab.com

ਸਰਹਿੰਦ ਫਤਿਹ ਮਾਰਚ: ਫੁੱਲਾਂ ਨਾਲ ਸਜੀ ਪਾਲਕੀ ਟੁੱਟੀ ਸੜਕ ਦੇ ਖੱਡਿਆਂ ’ਚੋਂ ਲੰਘਣ ਕਾਰਨ ਸੰਗਤਾਂ ’ਚ ਭਾਰੀ ਰੋਸ

ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਨੂੰ ਵੀ ਨਹੀਂ ਪਿਆ ਬੂਰ, ਮੰਤਰੀ ਦੇ ਹੁਕਮਾਂ ਨੂੰ ਤਵੱਜੋ ਨਹੀਂ ਦੇ ਰਹੇ ਹਨ ਅਧਿਕਾਰੀ

ਮੁਹਾਲੀ ਤੋਂ ਜੰਗੀ ਯਾਦਗਾਰ ਤੱਕ ਪਹੁੰਚ ਸੜਕ ਅਤੇ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਖਸਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਜੰਗੀ ਯਾਦਗਾਰ ਸਥਿਤ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ‘ਸਰਹਿੰਦ ਫਤਿਹ ਮਾਰਚ’ ਐਤਵਾਰ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ। ਪ੍ਰੰਤੂ ਚੱਪੜਚਿੜੀ ਲਿੰਕ ਸੜਕ ਟੁੱਟੀ ਹੋਣ ਕਾਰਨ ਫੁੱਲਾਂ ਨਾਲ ਸਜੀ ਪਾਲਕੀ ਵਾਲੇ ਵਾਹਨ ਨੂੰ ਖੱਡਿਆਂ ’ਚੋਂ ਲੰਘਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਹੈ। ਇਸ ਖਸਤਾ ਹਾਲਤ ਸੜਕ ਤੋਂ ਸਾਰੀ ਧੂੜ ਮਿੱਟੀ ਉੱਡ ਕੇ ਪਾਲਕੀ ਵਾਲੇ ਵਾਹਨ (ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ) ਅਤੇ ਸੰਗਤਾਂ ਉੱਤੇ ਪਈ। ਇਹ ਸੜਕ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ ਪ੍ਰੰਤੂ ਚੱਪੜਚਿੜੀ ਜੰਗ ਯਾਦਗਾਰ ਬਣਾਉਣ ਤੋਂ ਬਾਅਦ ਪਹਿਲਾਂ ਪਿਛਲੀ ਅਕਾਲੀ ਸਰਕਾਰ ਅਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ ਸੜਕ ਦੀ ਮੁਰੰਮਤ ਨਹੀਂ ਕਰਵਾਈ। ਇਹੀ ਨਹੀਂ ਯਾਦਗਾਰ ਬਣਿਆ ਕਈ ਸਾਲ ਬੀਤ ਗਏ ਹਨ ਲੇਕਿਨ ਹੁਣ ਤੱਕ 328 ਫੁੱਟ ਉੱਚੇ ਫਤਿਹ ਮੀਨਾਰ ਨੂੰ ਲਿਫ਼ਟ ਤੱਕ ਨਹੀਂ ਜੁੜੀ। ਇਨਡੋਰ ਥੀਏਟਰ ਵੀ ਬੰਦ ਪਿਆ ਹੈ ਅਤੇ ਬੁੱਤਾਂ ਦੇ ਟਿੱਬਿਆਂ ਦੀ ਮਿੱਟੀ ਵੀ ਖੁਰਨੀ ਸ਼ੁਰੂ ਹੋ ਗਈ ਹੈ।
ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਅਤੇ ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰਾਂ ਦੀ ਬੇਧਿਆਨੀ ਕਾਰਨ ਮੁਹਾਲੀ ਤੋਂ ਚੱਪੜਚਿੜੀ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਪਹੁੰਚ ਲਿੰਕ ਸੜਕ ਬੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸੜਕ ’ਤੇ ਖੱਡੇ ਪੈ ਗਏ ਹਨ। ਜਿਸ ਕਾਰਨ ਅੱਜ ਫਤਿਹ ਮਾਰਚ ਲੰਘਣ ਵੇਲੇ ਖੱਡਿਆਂ ’ਚੋਂ ਮਿੱਟੀ ਧੂੜ ਉੱਡ ਕੇ ਮਹਾਰਾਜ ਜੀ ਦੀ ਸੁੰਦਰ ਪਾਲਕੀ ਸਾਹਿਬ ਅਤੇ ਸੰਗਤ ਉੱਤੇ ਪਈ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰੀਬ ਸਵਾ ਸਾਲ ਪਹਿਲਾਂ ਜੰਗੀ ਯਾਦਗਾਰ ਦਾ ਦੌਰਾ ਕਰਕੇ ਜਲਦੀ ਸੜਕ ਬਣਾਉਣ ਦੀ ਗੱਲ ਆਖੀ ਸੀ ਲੇਕਿਨ ਬਾਅਦ ਵਿੱਚ ਅਧਿਕਾਰੀਆਂ ਨੇ ਮੰਤਰੀ ਦੀ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਫਤਿਹ ਮੀਨਾਰ ਵਿੱਚ ਲੱਗੀਆਂ ਜ਼ਿਆਦਾਤਰ ਰੰਗ ਬਰੰਗੀਆਂ ਲਾਈਟਾਂ ਵੀ ਬੰਦ ਪਈਆਂ ਹਨ।
ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਚੱਪੜਚਿੜੀ ਦੇ ਪ੍ਰਧਾਨ ਜਗਤਾਰ ਸਿੰਘ, ਜਨਰਲ ਸਕੱਤਰ ਗੁਰਮੇਲ ਸਿੰਘ ਅਤੇ ਸਾਬਕਾ ਸਰਪੰਚ ਸੋਹਨ ਸਿੰਘ ਨੇ ਕਿਹਾ ਕਿ ਸੜਕ ਦੀ ਮੁਰੰਮਤ ਲਈ ਉਹ ਕਈ ਵਾਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਾਰੀ ਸੜਕ ਪੁੱਟ ਦਿੱਤੀ ਗਈ ਹੈ ਲੇਕਿਨ ਹੁਣ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅੱਜ ਨਗਰ ਕੀਰਤਨ ਰਵਾਨਾ ਹੋਇਆ ਤਾਂ ਪ੍ਰਬੰਧਕ ਕਮੇਟੀ ਨੂੰ ਨਮੋਸ਼ੀ ਝੱਲਣੀ ਪਈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…