nabaz-e-punjab.com

ਰਾਜਸਥਾਨ ਤੇ ਸਰਹਿੰਦ ਸਿੰਚਾਈ ਫੀਡਰ ਨਹਿਰਾਂ ਦੇ ਕਿਨਾਰੇ ਮਜ਼ਬੂਤ ਕਰਨ ਦਾ ਜਾਇਜ਼ਾ ਲੈਣ ਲਈ 3 ਮੈਂਬਰੀ ਕਮੇਟੀ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ 200 ਕਿਲੋਮੀਟਰ ਲੰਮੀ ਰਾਜਸਥਾਨ ਅਤੇ ਸਰਹਿੰਦ ਸਿੰਚਾਈ ਫੀਡਰ ਨਹਿਰਾਂ ਦੇ ਕੰਢੇ ਮਜ਼ਬੂਤ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਦੀ ਅਗਵਾਈ ਵਿਚ ਤਿੰਨ ਮੈਂਬਰੀ ਅੰਤਰ ਵਿਭਾਗੀ ਕਮੇਟੀ ਗਠਿਤ ਕਰ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਉੱਤੇ ਵਿਚਾਰ ਵਟਾਂਦਰੇ ਲਈ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ। ਪ੍ਰਮੁੱਖ ਸਕੱਤਰ ਸਿੰਚਾਈ ਅਤੇ ਪ੍ਰਮੁੱਖ ਸਕੱਤਰ ਉਦਯੋਗ ਇਸ ਕਮੇਟੀ ਦੇ ਮੈਂਬਰ ਬਣਾਏ ਗਏ ਹਨ ਜੋ ਕਿ ਇਸ ਕੰਮ ਨੂੰ ਮੁਕੰਮਲ ਕਰਨ ਦੀਆਂ ਸੰਭਾਵਨਾਵਾਂ ਨੂੰ ਦੇਖਣਗੇ ਅਤੇ ਜੇ ਲੋੜ ਪਈ ਤਾਂ ਬਿਨਾਂ ਕਿਸੇ ਦੇਰੀ ਤੋਂ 2000 ਕਰੋੜ ਰੁਪਏ ਵਾਲੇ ਇਸ ਪ੍ਰਾਜੈਕਟ ਲਈ ਮੁੜ ਟੈਂਡਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਵਰਗੇ ਸੂਬੇ ਦੇ ਦੱਖਣੀ ਜ਼ਿਲ੍ਹਿਆਂ ਨੂੰ ਬਚਾਉਣ ਲਈ ਇਹ ਪ੍ਰਾਜੈਕਟ ਬਹੁਤ ਮਹੱਤਤਾ ਰੱਖਦਾ ਹੈ ਕਿਉਂਕਿ ਇਨ੍ਹਾਂ ਦੋਵਾਂ ਨਹਿਰਾਂ ਤੋਂ ਪਾਣੀ ਦੇ ਰਿਸਣ ਕਾਰਨ ਸੇਮ ਵੀ ਬਹੁਤ ਵੱਡੀ ਸਮੱਸਿਆ ਹੈ। ਹਰੇਕ ਫੀਡਰ ਤਕਰੀਬਨ 100 ਕਿਲੋਮੀਟਰ ਲੰਮਾ ਹੈ ਜੋ ਫਰੀਦਕੋਟ ਤੋਂ ਸ਼ੁਰੂ ਹੋ ਕੇ ਰਾਜਸਥਾਨ ਸਰਹੱਦ ਤੱਕ ਜਾਂਦਾ ਹੈ।
ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਕਿਹਾ ਹੈ ਕਿ ਉਹ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕਰਵਾਉਣ ਕਿਉਂਕਿ ਇਹ ਮਾਲਵਾ ਪੱਟੀ ਵਿਚ ਸੇਮ ਦੀ ਸਮੱਸਿਆ ਕਾਰਨ ਖੜ੍ਹੀਆਂ ਫਸਲਾਂ ਅਤੇ ਅਚੱਲ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਅੱਜ ਇੱਥੇ ਇੱਕ ਮੀਟਿੰਗ ਦੌਰਾਨ ਐਲ ਐਂਡ ਟੀ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਅੱਗੇ ਪੇਸ਼ਕਾਰੀ ਕਰਕੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪ੍ਰਾਜੈਕਟ ਦੇ ਮਹੱਤਵਪੂਰਨ ਪੜ੍ਹਾਵਾਂ ਤੋਂ ਇਲਾਵਾ ਤਿੰਨ ਸਾਲਾਂ ਦੇ ਨਿਰਧਾਰਤ ਸਮੇਂ ਵਿਚ ਵਰਤੀ ਜਾਣ ਵਾਲੀ ਅਤਿਆਧੁਨਿਕ ਤਕਨਾਲੋਜੀ ਬਾਰੇ ਵੀ ਸੂਚਨਾ ਮੁਹੱਈਆ ਕਰਵਾਈ। ਉਸ ਨੇ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦਾ ਸੁਝਾਅ ਵੀ ਪੇਸ਼ ਕੀਤਾ।
ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਨਿਰਦੇਸ਼ ਦਿੱਤੇ ਕਿ ਉਹ ਨਹਿਰਾਂ ਦੇ ਕਿਨਾਰੇ ਮਜ਼ਬੂਤ ਬਣਾਉਣ ਲਈ ਬਿਨਾਂ ਕਿਸੇ ਅੜਚਨ ਤੋਂ ਰੇਤਾ, ਬਜਰੀ ਅਤੇ ਹੋਰ ਲੋੜੀਂਦੇ ਪਦਾਰਥਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਹ ਪ੍ਰਾਜੈਕਟ ਨਿਰਧਾਰਤ ਸਮੇਂ ਵਿਚ ਮੁਕੰਮਲ ਹੋ ਸਕੇ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਹਾਜ਼ਰ ਸਨ। ਐਲ ਐਂਡ ਟੀ ਦੇ ਵਫ਼ਦ ਵਿਚ ਇਸ ਦੇ ਉਪ ਪ੍ਰਧਾਨ ਕੇ. ਮਸੀਲਾਮਨੀ, ਸੀਨੀਅਰ ਡਿਪਟੀ ਜਨਰਲ ਮੈਨੇਜਰ ਅਤੇ ਸੈਗਮੈਂਟ ਹੈਡ ਐਸ. ਦਕਸ਼ਿਨਾਮੁਥੀ ਅਤੇ ਬਿਜਨਸ ਮੈਨੇਜਰ ਐਨ. ਗਰੋਵਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…