Share on Facebook Share on Twitter Share on Google+ Share on Pinterest Share on Linkedin ਨਸ਼ੇੜੀਆਂ ਤੇ ਆਵਾਰਾਗਰਦੀ ਦਾ ਅੱਡਾ ਬਣੇ ਸਿਸਵਾਂ ਅਤੇ ਮਿਰਜ਼ਾਪੁਰ ਡੈਮ ਸਿਸਵਾਂ ਤੋਂ ਮਿਰਜ਼ਾਪੁਰ ਤੱਕ ਖ਼ੂਬਸੂਰਤ ਝੀਲ ਬਣਾਉਣ ਦਾ ਪ੍ਰਾਜੈਕਟ ਠੰਢੇ ਬਸਤੇ ਪਿਆ ਅਕਾਲੀ ਸਰਕਾਰ ਵੇਲੇ ਤਤਕਾਲੀ ਡੀਸੀ ਕੈਪਟਨ ਸਿੱਧੂ ਨੇ ਉਲੀਕੀ ਸੀ ਯੋਜਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸੁਖਨਾ ਝੀਲ ਦੀ ਤਰਜ਼ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਸਵਾਂ ਡੈਮ ਅਤੇ ਮਿਰਜ਼ਾਪੁਰ ਡੈਮ ਨੂੰ ਆਪਸ ਮਿਲਾ ਕੇ ਖ਼ੂਬਸੂਰਤ ਝੀਲ ਬਣਾਉਣ ਦਾ ਪ੍ਰਾਜੈਕਟ ਠੰਢੇ ਬਸਤੇ ਵਿੱਚ ਪੈ ਗਿਆ ਹੈ। ਅਕਾਲੀ ਸਰਕਾਰ ਵੇਲੇ ਸਾਲ 2015-16 ਵਿੱਚ ਮੁਹਾਲੀ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਸਿਸਵਾਂ ਡੈਮ ਅਤੇ ਮਿਰਜ਼ਾਪੁਰ ਡੈਮ ਨੂੰ ਸੈਰ ਸਪਾਟਾ ਪੁਆਇੰਟ ਵਜੋਂ ਵਿਕਸਤ ਕਰਨ ਦੀ ਯੋਜਨਾ ਉਲੀਕੀ ਗਈ ਸੀ। ਪਹਿਲ ਪੜਾਅ ਦਾ ਕੰਮ ਸ਼ੁਰੂ ਹੋ ਗਿਆ ਸੀ। ਜਿਸ ਦੇ ਤਹਿਤ ਇਨ੍ਹਾਂ ਥਾਵਾਂ ’ਤੇ ਫੁੱਲ ਬੂਟੇ ਵੀ ਲਗਾਏ ਗਏ ਸੀ ਲੇਕਿਨ ਕੈਪਟਨ ਸਿੱਧੂ ਦਾ ਤਬਾਦਲਾ ਹੋਣ ਅਤੇ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਦੂਜੇ ਕਿਸੇ ਅਧਿਕਾਰੀ ਨੇ ਇਸ ਪ੍ਰਾਜੈਕਟ ਨੂੰ ਬਹੁਤ ਤਵੱਜੋ ਨਹੀਂ ਦਿੱਤੀ। ਜਿਸ ਕਾਰਨ ਇਹ ਮਹੱਤਵਪੂਰਨ ਪ੍ਰਾਜੈਕਟ ਦਫ਼ਤਰੀ ਫਾਈਲਾਂ ਵਿੱਚ ਦਫ਼ਨ ਹੋ ਗਿਆ ਹੈ। ਮੀਡੀਆ ਟੀਮ ਨੇ ਸ਼ਿਵਾਲਿਕ ਪਹਾੜੀਆਂ ਦੇ ਦੌਰੇ ਦੌਰਾਨ ਮਿਰਜ਼ਾਪੁਰ ਡੈਮ ’ਤੇ ਸਨਾਟਾ ਪਸਰਿਆ ਹੋਇਆ ਦੇਖਿਆ। ਉੱਥੇ ਡੈਮ ਦੇ ਗੇਟ ਨੂੰ ਬੰਦ ਕਰਕੇ ਸੰਗਲਾਂ ਨਾਲ ਨੂੜ ਕੇ ਤਾਲਾ ਲਗਾਇਆ ਹੋਇਆ ਸੀ ਪ੍ਰੰਤੂ ਸਾਈਡਾਂ ਤੋਂ ਬੜੀ ਆਸਾਨੀ ਅੰਦਰ ਦਾਖ਼ਲ ਹੋਇਆ ਜਾ ਸਕਦਾ ਹੈ। ਮੀਡੀਆ ਟੀਮ ਨੇ ਦੇਖਿਆ ਕਿ ਪੁਲ ਵਾਲੇ ਰਸਤੇ ’ਤੇ ਪ੍ਰੀਮਿਕਸ ਨਾ ਪੈਣ ਕਾਰਨ ਉੱਥੇ ਬਜਰੀ ਖਿੱਲਰੀ ਹੋਈ ਸੀ। ਉੱਥੇ ਸੂਚਨਾ ਬੋਰਡ ਤਾਂ ਲੱਗਿਆ ਸੀ ਪਰ ਉਸ ਉੱਤੇ ਕੋਈ ਜਾਣਕਾਰੀ ਨਹੀਂ ਲਿਖੀ ਹੋਈ ਸੀ। ਡੈਮ ’ਤੇ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਾਫੀ ਹਨ ਅਧਿਕਾਰੀਆਂ ਦੀ ਕਥਿਤ ਅਣਦੇਖੀ ਕਾਰਨ ਦਾ ਸ਼ਿਕਾਰ ਇਹ ਸੈਰ ਸਪਾਟਾ ਪੁਆਇੰਟ ਮੌਜੂਦਾ ਸਮੇਂ ਨਸ਼ੇੜੀਆਂ ਅਤੇ ਆਵਾਰਾਗਰਦੀ ਦਾ ਅੱਡਾ ਬਣ ਗਿਆ ਹੈ। ਮੀਡੀਆ ਟੀਮ ਹਾਲੇ ਡੈਮ ਦਾ ਨਿਰੀਖਣ ਕਰ ਹੀ ਰਹੀ ਸੀ ਕਿ ਏਨੇ ਵਿੱਚ ਉੱਥੇ 4-5 ਨੌਜਵਾਨ ਉੱਥੇ ਪਹੁੰਚ ਗਏ, ਉਨ੍ਹਾਂ ਨਾਲ ਇਕ ਲੜਕੀ ਵੀ ਸੀ। ਡੈੱਮ ਦੇ ਆਲੇ ਦੁਆਲੇ ਝਾੜੀਆਂ ਵਿੱਚ ਵੀ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ, ਤੰਬਾਕੂ, ਸਿਗਰਟ ਅਤੇ ਨਿਰੋਧ ਦੇ ਪੈਕੇਟ ਖਿੱਲਰੇ ਪਏ ਸੀ। ਲਾਈਟਾਂ ਵੀ ਟੁੱਟੀਆਂ ਹੋਈਆਂ ਸਨ। ਸੁਰੱਖਿਆ ਅਤੇ ਚੌਕੀਦਾਰ ਦੀ ਅਣਹੋਂਦ ਕਾਰਨ ਨੌਜਵਾਨ ਮੁੰਡੇ ਕੁੜੀਆਂ ਬੇਖ਼ੌਫ਼ ਮਸਤੀ ਕਰਦੇ ਹਨ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਇੱਥੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਹੈ। ਇਸ ਸਬੰਧੀ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਰਾਜਨੀਤੀ ਵਿੱਚ ਆਏ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਚੰਡੀਗੜ੍ਹ ਦੀ ਤਰਜ਼ ’ਤੇ ਸਿਸਵਾਂ ਅਤੇ ਮਿਰਜ਼ਾਪੁਰ ਡੈੱਮ ਨੂੰ ਸੁਖਨਾ ਝੀਲ ਵਾਂਗ ਸੈਰ ਸਪਾਟਾ ਪੁਆਇੰਟ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ। ਇਹ ਸਿਵਲ ਪ੍ਰਸ਼ਾਸਨ, ਜੰਗਲਾਤ ਵਿਭਾਗ, ਗਮਾਡਾ\ਪੁੱਡਾ, ਬਾਗਬਾਨੀ ਅਤੇ ਸੈਰ ਸਪਾਟਾ ਵਿਭਾਗ ਦਾ ਸਾਂਝਾ ਪ੍ਰਾਜੈਕਟ ਸੀ। ਉਨ੍ਹਾਂ ਦੱਸਿਆ ਕਿ ਯੋਜਨਾ ਮੁਤਾਬਕ ਸਿਸਵਾਂ ਤੋਂ ਮਿਰਜ਼ਾਪੁਰ ਸਥਿਤ ਜੰਗਲਾਤ ਵਿਭਾਗ ਦੇ ਸਰਕਾਰੀ ਗੈਸਟ ਹਾਊਸ ਤੱਕ 100 ਤੋਂ 150 ਮੀਟਰ ਲੰਮੀ ਟਰੇਲ (ਸੈਰਗਾਹ) ਬਣਾਈ ਜਾਣੀ ਸੀ। ਇੱਥੇ ਰੈਸਟੋਰੈਂਟ ਅਤੇ ਬੋਟਿੰਗ ਦੀ ਵਿਵਸਥਾ ਕੀਤੀ ਜਾਣੀ ਸੀ ਅਤੇ ਸੈਲਾਨੀਆਂ ਦੇ ਮਨਪ੍ਰਚਾਵੇ ਲਈ ਜੰਗਲੀ ਜਾਨਵਰਾਂ ਸਮੇਤ ਖਾਣ-ਪੀਣ ਦਾ ਪ੍ਰਬੰਧ ਅਤੇ ਮਿਊਜ਼ਿਕ ਦੀ ਯੋਜਨਾ ਸੀ। ਕੈਪਟਨ ਸਿੱਧੂ ਨੇ ਦੱਸਿਆ ਕਿ ਪਹਿਲੇ ਪੜਾਅ ਦਾ ਕੰਮ ਸ਼ੁਰੂ ਹੋ ਗਿਆ ਸੀ। ਜਿਸ ਦੇ ਤਹਿਤ ਸਿਸਵਾਂ ਅਤੇ ਮਿਰਜ਼ਾਪੁਰ ਡੈਮ ਅਤੇ ਆਲੇ ਦੁਆਲੇ ਫੁੱਲ ਬੂਟੇ ਲਗਾਏ ਗਏ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਜਾਂਦਾ ਤਾਂ ਇੱਥੇ ਚੰਡੀਗੜ੍ਹ ਸੁਖਨਾ ਝੀਲ ਤੋਂ ਵੀ ਵੱਧ ਨਜ਼ਾਰਾ ਦੇਖਣ ਨੂੰ ਮਿਲਣਾ ਸੀ। (ਧੰਨਵਾਦ ਸਾਹਿਤ, ਪੰਜਾਬੀ ਟ੍ਰਿਬਿਊਨ)।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ