ਭਾਜਪਾ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਸਥਿਤੀ ਤਣਾਅ ਪੂਰਨ, ਨੌਜਵਾਨਾਂ ਵੱਲੋਂ ਨਾਅਰੇਬਾਜ਼ੀ

ਇਲਾਕੇ ਦੇ ਨੌਜਵਾਨਾਂ ਨੇ ਭਾਜਪਾ ਆਗੂ ਦੀ ਗੱਡੀ ਘੇਰ ਕੀਤੀ, ਪੁਲੀਸ ਨੇ ਮੌਕਾ ਸੰਭਾਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਅੱਜ ਇੱਥੋਂ ਦੇ ਸੈਕਟਰ-79 ਵਿਖੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸਾਬਕਾ ਮੰਤਰੀ ਤੇ ਨਿਗਮ ਚੋਣਾਂ ਲਈ ਭਾਜਪਾ ਦੇ ਇੰਚਾਰਜ ਕੇਡੀ ਭੰਡਾਰੀ, ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ, ਇਮਪ੍ਰੀਤ ਸਿੰਘ ਬਖ਼ਸ਼ੀ, ਜਗਦੀਪ ਸਿੰਘ ਅੌਜਲਾ, ਜਗਜੋਤ ਸਿੰਘ ਲਾਲੀ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਉੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚ ਗਏ ਅਤੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਕਿਸਾਨ ਅੰਦੋਲਨ ਦੇ ਝੰਡੇ ਫੜੇ ਹੋਏ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੱਸਿਆ ਗਿਆ ਹੈ ਕਿ ਪ੍ਰਦਰਸ਼ਨਕਾਰੀ ਨੌਜਵਾਨ ਮੁਹਾਲੀ ਨੇੜਲੇ ਪਿੰਡਾਂ ਨਾਲ ਸਬੰਧਤ ਸਨ।
ਇਨ੍ਹਾਂ ਨੌਜਵਾਨਾਂ ਨੇ ਭਾਜਪਾ ਪ੍ਰਤੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚਲ ਰਹੇ ਲੜੀਵਾਰ ਕਿਸਾਨ ਸੰਘਰਸ਼ ਦੌਰਾਨ ਹੁਣ ਤੱਕ ਲਗਪਗ 200 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਮੋਦੀ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ।
ਜਾਣਕਾਰੀ ਅਨੁਸਾਰ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਜਿਵੇਂ ਹੀ ਭਾਜਪਾ ਆਗੂ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਨਿਕਲਣ ਲੱਗੇ ਤਾਂ ਨੌਜਵਾਨਾਂ ਨੇ ਭਾਜਪਾ ਆਗੂਆਂ ਦੀ ਗੱਡੀ ਘੇਰ ਲਈ। ਇਸ ਦੌਰਾਨ ਚਾਲਕ ਨੇ ਗੱਡੀ ਚਲਾ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੌਜਵਾਨ ਅਤੇ ਪੁਲੀਸ ਮੁਲਾਜ਼ਮ ਗੱਡੀ ਨਾਲ ਟਕਰਾ ਕੇ ਜ਼ਮੀਨ ’ਤੇ ਡਿੱਗ ਪਏ। ਇਸ ਤੋਂ ਬਾਅਦ ਮਾਹੌਲ ਕਾਫ਼ੀ ਭਖ ਗਿਆ ਅਤੇ ਦੇਖਦੇ ਹੀ ਦੇਖਦੇ ਹੀ ਕਿਸੇ ਨੇ ਭਾਜਪਾ ਆਗੂ ਦੀ ਗੱਡੀ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ ਪ੍ਰੰਤੂ ਇਸ ਦੇ ਬਾਵਜੂਦ ਭਾਜਪਾ ਆਗੂ ਆਪਣੀ ਗੱਡੀ ਲੈ ਕੇ ਨਿਕਲ ਗਏ। ਹਾਲਾਂਕਿ ਇਕ ਨੌਜਵਾਨ ਨੂੰ ਮੌਕੇ ’ਤੇ ਮੌਜੂਦ ਪੁਲੀਸ ਕਰਮਚਾਰੀਆਂ ਨੇ ਰੋਕ ਲਿਆ ਸੀ ਪ੍ਰੰਤੂ ਬਾਅਦ ਵਿੱਚ ਦੂਜੇ ਨੌਜਵਾਨਾਂ ਦੇ ਕਹਿਣ ’ਤੇ ਉਸ ਨੂੰ ਛੱਡ ਦਿੱਤਾ।
(ਬਾਕਸ ਆਈਟਮ)
ਭਾਜਪਾ ਆਗੂ ਸੁਭਾਸ਼ ਸ਼ਰਮਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਮੁਹਾਲੀ ਵਿੱਚ ਭਾਜਪਾ ਦੇ ਉਮੀਦਵਾਰ ਬਹੁਗਿਣਤੀ ਸੀਟਾਂ ’ਤੇ ਜਿੱਤ ਹਾਸਲ ਕਰੇਗੀ ਅਤੇ ਭਾਜਪਾ ਦਾ ਆਪਣਾ ਮੇਅਰ ਬਣਾਏਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ। ਭਾਜਪਾ ਦੇ ਚੋਣ ਮੈਨੀਫ਼ੈਸਟੋ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਆਧੁਨਿਕ ਕਿਸਾਨ ਮੰਡੀਆ ਬਣਾਉਣ, ਜਨਰਲ ਹਾਊਸ ਦੀ ਮੀਟਿੰਗ ਦਾ ਆਨਲਾਈਨ ਸਿੱਧਾ ਪ੍ਰਸਾਰਨ ਕਰਵਾਉਣਾ, ਵਾਰਡਬੰਦੀ ਇਕਸਾਰ ਢੰਗ ਨਾਲ ਕਰਵਾਉਣਾ, ਪਿੰਡਾਂ ਵਿੱਚ ਪਾਰਕਾਂ, ਪਾਰਕਿੰਗ ਅਤੇ ਸਟਰੀਟ ਲਾਈਟਾਂ ਦੇ ਪ੍ਰਬੰਧ ਕਰਵਾਉਣੇ, ਸ਼ਹਿਰ ਵਿੱਚ ਇੱਕ ਹੋਰ ਸ਼ਮਸ਼ਾਨਘਾਟ ਬਣਵਾਉਣਾ, ਸ਼ਹਿਰ ਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਮੋਬਾਈਲ ਐਪ ਵਿਕਸਿਤ ਕਰਨਾ, ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਵਾਉਣੇ, ਸਿਟੀ ਬੱਸ ਸਰਵਿਸ, ਪਾਰਕਾਂ ਦੀ ਸੰਭਾਲ ਲਈ ਗਰਾਂਟਾਂ ਦੁੱਗਣੀਆਂ ਕਰਨਾ, ਬਜ਼ੁਰਗਾਂ ਨੂੰ ਘਰ ਤੱਕ ਸਿਹਤ ਸਹੂਲਤਾਂ ਦੇਣ ਲਈ ਵਿਸ਼ੇਸ਼ ਬੱਸ ਚਾਲੂ ਕਰਨਾ, ਰਿਹਾਇਸ਼ੀ ਖੇਤਰਾਂ ਵਿੱਚ ਪੁਲੀਸ ਪੈਟਰੋਲਿੰਗ ਯਕੀਨੀ ਬਣਾਉਣਾ, ਸਾਈਕਲ ਟਰੈਕ ਬਣਾਉਣ ਆਦਿ ਸਮੇਤ ਕੁੱਲ 31 ਪੁਆਇੰਟ ਮੈਨੀਫੈਸਟੋ ਵਿੱਚ ਸ਼ਾਮਲ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…