ਪਾਕਿਸਤਾਨ ਵਿੱਚ ਛੁਪ ਕੇ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਛੇ ਸਾਥੀ ਅਸਲੇ ਸਣੇ ਗ੍ਰਿਫ਼ਤਾਰ

ਪਟਿਆਲਾ ਵਿੱਚ ਦੋਹਰੇ ਕਤਲ ਕੇਸ ਵਿੱਚ ਲੋੜੀਂਦਾ ਸੀ ਮੁਲਜ਼ਮ ਅਰਸ਼ਵੀਰ ਸਿੰਘ: ਡੀਜੀਪੀ ਗੌਰਵ ਯਾਦਵ

ਪੰਜਾਬ ਵਿੱਚ ਸਨਸਨੀਖ਼ੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ ਮੁਲਜ਼ਮ: ਏਆਈਜੀ ਸੰਦੀਪ ਗੋਇਲ

ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ:
ਪੰਜਾਬ ਪੁਲੀਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਨੇ ਮੁਹਾਲੀ ਪੁਲੀਸ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਦੌਰਾਨ ਪਾਕਿਸਤਾਨ ਵਿੱਚ ਛੁਪ ਕੇ ਬੈਠੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ 6 ਸਾਥੀਆਂ ਰੋਸ਼ਨ ਕੁਮਾਰ, ਸੌਰਬ ਕੁਮਾਰ, ਵਿਕਰਮ ਕੁਮਾਰ, ਅਮਰਿੰਦਰ ਸਿੰਘ ਉਰਫ਼ ਬਿੱਲੀ, ਅਰਸ਼ਵੀਰ ਸਿੰਘ ਅਤੇ ਸੰਨੀ ਸਾਰੇ ਵਾਸੀ ਪਟਿਆਲਾ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਨੂੰ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਅੰਜਾਮ ਦਿੱਤਾ।
ਡੀਜੀਪੀ ਗੌਰਵ ਯਦਵ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੰਜ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਉਕਤ ਸਾਰੇ ਮੁਲਜ਼ਮ ਕਤਲ, ਇਰਾਦਾ-ਏ-ਕਤਲ, ਜਬਰੀ ਵਸੂਲੀ, ਡਕੈਤੀ, ਹਥਿਆਰਾਂ ਦੀ ਅੰਤਰਰਾਜੀ ਤਸਕਰੀ ਸਮੇਤ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਪੰਜਾਬ ਵਿੱਚ ਸਨਸਨਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ।
ਡੀਜੀਪੀ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਜ਼ੀਰਕਪੁਰ ਖੇਤਰ ’ਚੋਂ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਵਰਨਾ ਕਾਰ ਵਿੱਚ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਪੰਜ ਪਿਸਤੌਲ ਸਮੇਤ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਅਰਸ਼ਵੀਰ ਸਿੰਘ ਪਟਿਆਲਾ ਦੇ ਦੋਹਰੇ ਕਤਲ ਕੇਸ ਵਿੱਚ ਲੋੜੀਂਦਾ ਸੀ। ਅਪਰੈਲ ਮਹੀਨੇ ਦੋ ਨੌਜਵਾਨਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੰਨੀ ਅਤੇ ਅਰਸ਼ਵੀਰ ਨੂੰ ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਦਿੱਲੀ ਵੱਲੋਂ ਜਨਵਰੀ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ 18 ਪਿਸਤੌਲ ਬਰਾਮਦ ਕੀਤੇ ਗਏ ਸਨ। ਇਸ ਸਮੇਂ ਉਹ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਏ ਸੀ ਅਤੇ ਉਨ੍ਹਾਂ ਨੇ ਮੁੜ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਧਾਰਾ 382, 384, 473, 148 ਅਤੇ 149 ਅਤੇ ਅਸਲਾ ਐਕਟ ਦੀ ਧਾਰਾ 25 (6) ਅਤੇ 25 (7) ਅਧੀਨ ਥਾਣਾ ਜ਼ੀਰਕਪੁਰ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …