ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਛੇ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ

ਸੰਨੀ ਐਨਕਲੇਵ ਨੇੜਿਓਂ ਸਕਾਰਪਿਓ ਗੱਡੀ ਅਤੇ ਅਸਲੇ ਸਮੇਤ ਪੁਲੀਸ ਦੇ ਧੱਕੇ ਚੜੇ ਮੁਲਜ਼ਮ

ਮੁਲਜ਼ਮ ਮਨਜੀਤ ਸਿੰਘ ਨੂੰ ਪੇਸ਼ੀ ਦੌਰਾਨ ਪੁਲੀਸ ਹਿਰਾਸਤ ’ਚੋਂ ਭਿਜਾਉਣ ਦੀ ਫਿਰਾਕ ਵਿੱਚ ਸੀ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਅਮਰੋਜ਼ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡ ਕਵਾਟਰ ’ਤੇ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਖ਼ੁਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਸਕਾਰਪਿਊ ਗੱਡੀ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਹੈ।
ਐਸਪੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ਼ ਜੋਈ ਵਾਸੀ ਧੀਰੂ ਕੀ ਮਾਜਰੀ (ਪਟਿਆਲਾ), ਸ਼ੁਭਮ ਉਰਫ਼ ਬਿੱਲੂ ਵਾਸੀ ਡੱਡੂਮਾਜਰਾ (ਯੂਟੀ) ਹਿਤੇਸ਼ ਉਰਫ਼ ਭੋਲੂ ਵਾਸੀ ਪਿੰਡ ਜਗਦੀਸ਼ਪੁਰਾ (ਸੋਨੀਪਤ), ਅਨਮੋਲ ਵਾਸੀ ਬੰਦੇਪੁਰ ਕਲੋਨੀ ਸੋਨੀਪਤ, ਅਭਿਨਵ ਵਾਸੀ ਪਟੇਲ ਨਗਰ ਸੋਨੀਪਤ ਅਤੇ ਇੱਕ ਬਾਲ ਅਪਰਾਧੀ ਲੜਕਾ ਵਾਸੀ ਸੋਨੀਪਤ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਧਾਰਾ 399, 402 ਅਤੇ 120ਬੀ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਪੀ ਹਾਂਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੋਨੂ ਸ਼ਾਹ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਰਗਰਮ ਮੈਂਬਰ ਮਨਜੀਤ ਸਿੰਘ ਜੋ ਇਸ ਸਮੇਂ ਬੁੜੈਲ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ ਅਦਾਲਤੀ ਪੇਸ਼ੀ ਦੌਰਾਨ ਮਨਜੀਤ ਸਿੰਘ ਨੂੰ ਪੁਲੀਸ ਹਿਰਾਸਤ ’ਚੋਂ ਭਿਜਾਉਣ ਦੀ ਤਾਕ ਵਿੱਚ ਸਨ ਅਤੇ ਉਹ ਆਪਣੇ ਖ਼ਰਚੇ ਪਾਣੀ ਲਈ ਇਲਾਕੇ ਵਿੱਚ ਲੁੱਟ-ਖੋਹ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜ ਰਹੇ ਸੀ।
ਐਸਪੀ ਨੇ ਦੱਸਿਆ ਕਿ ਬੀਤੇ ਕੱਲ੍ਹ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਸੰਨੀ ਐਨਕਲੇਵ ਨੇੜੇ ਗੋਪਾਲ ਸਵੀਟਸ ਸੈਕਟਰ-125 ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹਰਿਆਣਾ ਨੰਬਰੀ ਸਕਾਰਪੀਓ ਗੱਡੀ ਵਿੱਚ ਸਵਾਰ 6 ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ .32 ਬੋਰ ਦੇ ਦੋ ਪਿਟਤੌਲ ਅਤੇ 7 ਜਿੰਦਾ ਕਾਰਤੂਸ, 315 ਬੋਰ ਦਾ ਇੱਕ ਦੇਸੀ ਕੱਟਾ ਤੇ 1 ਜਿੰਦਾ ਰੋਂਦ, ਇੱਕ ਤੇਜਧਾਰ ਦਾਤ, ਇੱਕ ਕਿਰਪਾਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਭਮ ਨੇ ਬੀਤੀ 19 ਅਕਤੂਬਰ ਨੂੰ ਸੈਕਟਰ-25 ਵਿੱਚ ਵਿਜੈ ਨਾਮ ਦੇ ਸਾਥੀ ਨਾਲ ਮਿਲ ਕੇ ਗੋਲੀਬਾਰੀ ਦੀਆ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਦੇ ਖ਼ਿਲਾਫ਼ ਸੈਕਟਰ-11 ਦੇ ਥਾਣੇ ਵਿੱਚ 307,34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਬੀਤੀ 25 ਅਕਤੂਬਰ ਨੂੰ ਸ਼ੁਭਮ ਅਤੇ ਹਰਵਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਸਟੇਟ ਲੈਵਲ ਫੰਕਸ਼ਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਪਰਚਾ ਦਰਜ ਹੈ। ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…