ਮੁਹਾਲੀ ਜ਼ਿਲ੍ਹੇ ਦੇ 6 ਹੋਰ ਪੀੜਤ ਮਰੀਜ਼ਾਂ ਨੇ ਕਰੋਨਾਵਾਇਰਸ ਖ਼ਿਲਾਫ਼ ਜੰਗ ਜਿੱਤੀ

ਜ਼ਿਲ੍ਹਾ ਪੱਧਰੀ ‘ਇਕਾਂਤਵਾਸ ਕੇਂਦਰ’ ਸੈਕਟਰ-70 ਵਿੱਚ ਰੱਖੇ ਜਾਣਗੇ ਕਰੋਨਾ ਜੰਗ ਜਿੱਤਣ ਵਾਲੇ ਮਰੀਜ਼

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਿਸ ਤੇਜ਼ੀ ਨਾਲ ‘ਕਰੋਨਾਵਾਇਰਸ’ ਦੀ ਲਾਗ ਦੇ ਲਗਾਤਾਰ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਪੀੜਤ ਮਰੀਜ਼ ਨੌਂ-ਬਰ-ਨੌਂ ਹੋ ਕੇ ਆਪਣੇ ਘਰਾਂ ਵਿੱਚ ਵੀ ਪਰਤ ਰਹੇ ਹਨ। ਇਸ ਮਹਾਮਾਰੀ ਤੋਂ ਪੀੜਤ ਛੇ ਹੋਰ ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤਣ ਵਿੱਚ ਸਫਲ ਰਹੇ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ।
ਮੁਹਾਲੀ ਦੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਠੀਕ ਹੋਣ ਵਾਲੇ ਛੇ ਮਰੀਜ਼ਾਂ ’ਚੋਂ ਪੰਜ ਮਰੀਜ਼ ਪਿੰਡ ਜਵਾਹਰਪੁਰ ਨਾਲ (ਡੇਰਾਬੱਸੀ) ਨਾਲ ਸਬੰਧਤ ਹਨ, ਜਿੱਥੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਕਮਲਜੀਤ ਕੌਰ (39), ਹਰਵਿੰਦਰ ਸਿੰਘ (43), ਬਲਵਿੰਦਰ ਕੌਰ (61), ਗੁਰਵਿੰਦਰ ਸਿੰਘ (42) ਅਰਸ਼ਦੀਪ ਸਿੰਘ (12) ਅਤੇ ਅਬਦੁਲ ਰਜ਼ਾਕ (42) ਸ਼ਾਮਲ ਹਨ। ਜਿਨ੍ਹਾਂ ’ਚੋਂ ਪਹਿਲੇ ਪੰਜ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਅਬਦੁਲ ਰਜ਼ਾਕ ਪਿੰਡ ਮੌਲੀ ਬੈਦਵਾਨ (ਸੈਕਟਰ-68) ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਫਿਲਹਾਲ ਇਨ੍ਹਾਂ ਨੂੰ ਘਰ ਨਹੀਂ ਭੇਜਿਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ-70 ਵਿਚ ਬਣਾਏ ਗਏ ਜ਼ਿਲ੍ਹਾ ਪੱਧਰੀ ‘ਇਕਾਂਤਵਾਸ ਕੇਂਦਰ’ ਵਿੱਚ ਰੱਖਿਆ ਜਾਵੇਗਾ। 14 ਦਿਨਾਂ ਦਾ ਸਮਾਂ ਮੁਕੰਮਲ ਹੋਣ ਮਗਰੋਂ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ।
ਡਾ. ਰੇਨੂ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ 6 ਅਪਰੈਲ ਨੂੰ ਪਾਜ਼ੇਟਿਵ ਆਈ ਸੀ। ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹੁਣ ਇਨ੍ਹਾਂ ਸਾਰਿਆਂ ਦੇ ਦੋ ਟੈੱਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਜਿਸ ਮਗਰੋਂ ਇਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਪੁਰ ਨਾਲ ਸਬੰਧਤ ਠੀਕ ਹੋਣ ਵਾਲੇ ਇਹ ਪਹਿਲੇ ਪੰਜ ਮਰੀਜ਼ ਹਨ ਜਦਕਿ ਬਾਕੀ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਸਿਹਤਯਾਬ ਹੋਏ ਮਰੀਜ਼ਾਂ ਨੇ ਗਿਆਨ ਸਾਗਰ ਹਸਪਤਾਲੋਂ ਛੁੱਟੀ ਮਿਲਣ ’ਤੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਚੰਗਾ ਤੇ ਮਿਆਰੀ ਇਲਾਜ ਮਿਲਿਆ।
ਡਾ. ਰੇਨੂ ਸਿੰਘ ਨੇ ਕਿਹਾ ਕਿ ਗਿਆਨ ਸਾਗਰ ਹਸਪਤਾਲ ਵਿੱਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਰਕਾਰੀ ਡਾਕਟਰਾਂ ਅਤੇ ਹੋਰ ਸਟਾਫ਼ ਤੋਂ ਇਲਾਵਾ ਗਿਆਨ ਸਾਗਰ ਹਸਪਤਾਲ ਦਾ ਸਟਾਫ਼ ਵੀ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਏ ਮਰੀਜ਼ਾਂ ਨੂੰ ਜ਼ਰੂਰੀ ਫਿਲਹਾਲ ਸਾਵਧਾਨੀਆਂ ਵਰਤਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…