
ਘਰ-ਘਰ ਰੁਜ਼ਗਾਰ: ਸੀਜੀਸੀ ਕਾਲਜ ਲਾਂਡਰਾਂ ਵਿੱਚ ਲੱਗਿਆ ਛੇਵਾਂ ਰਾਜ ਪੱਧਰੀ ਮੈਗਾ ਨੌਕਰੀ ਮੇਲਾ
ਸੀਜੀਸੀ ਗਰੁੱਪ ਨੇ ਕੀਤੀ ਰਾਜ ਪੱਧਰੀ ਮੈਗਾ ਨੌਕਰੀ ਮੇਲਾ-2020 ਦੀ ਮੇਜ਼ਬਾਨੀ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਛੇਵਾਂ ਮੈਗਾ ਨੌਕਰੀ ਅਤੇ ਸਵੈ-ਰੁਜ਼ਗਾਰ ਮੇਲੇ-2020 ਲਗਾਇਆ ਗਿਆ। ਜਿਸ ਦਾ ਉਦਘਾਟਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਗਰਾਮ ਵਿੱਚ ਵਧੀਆ ਤਾਲਮੇਲ ਬਣਾਇਆ ਗਿਆ। ਰੁਜ਼ਗਾਰ ਮੇਲੇ ਵਿੱਚ ਯੁਰੇਕਾ ਫੋਰਬਸ, ਕੰਪੀਟੈਂਟ, ਆਈਡੀਬੀਆਈ ਬੈਂਕ, ਲਿਓਨ ਇੰਟਰਨੈਸ਼ਨਲ, ਐਚਆਰ ਐਕਸਪਰਟ ਸਮੇਤ 20 ਤੋਂ ਵੱਧ ਨਾਮੀ ਕੰਪਨੀਆਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਗਿਰੀਸ਼ ਦਿਆਲਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਸੰਕਟ ਦੇ ਬਾਵਜੂਦ ਜ਼ਿਲ੍ਹਾ ਰੁਜ਼ਗਾਰ ਅਤੇ ਉਦਮ ਬਿਊਰੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਪ੍ਰੀ-ਪਲੇਸਮੈਂਟ ਸਿਖਲਾਈ ਅਤੇ ਮਾਰਗ ਦਰਸ਼ਨ ਕਰਕੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਉਦੇਸ਼ਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਏਗਾ। ਉਨ੍ਹਾਂ ਰੁਜ਼ਗਾਰ ਮੇਲੇ ਅਤੇ ਸਮਾਜਿਕ ਗਤੀਵਿਧੀਆਂ ਲਈ ਸੀਜੀਸੀ ਗਰੁੱਪ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਹਮੇਸ਼ਾ ਹੀ ਅਹਿਮ ਰੋਲ ਰਿਹਾ ਹੈ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਜੀਸੀ ਗਰੁੱਪ ਨੇ ਹੁਣ ਤੱਕ ਲਾਂਡਰਾਂ ਕੈਂਪਸ ਵਿੱਚ ਪਲੇਸਮੈਂਟ ਲਈ ਪਹੁੰਚੀਆਂ 691 ਪ੍ਰਮੁੱਖ ਕਾਰਪੋਰੇਟ ਅਤੇ ਐਮਐਨਸੀ ਜਿਵੇਂ ਕਿ ਐਮਾਜ਼ੋਨ, ਮਾਈਕ੍ਰੋਸਾਫਟ, ਗੂਗਲ, ਹੁੰਡਈ ਆਦਿ ਵਿੱਚ ਰਿਕਾਰਡ ਤੋੜ 6617 ਪਲੇਸਮੈਂਟ ਆਫ਼ਰ ਹਾਸਲ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਨਿਰਧਾਰਿਤ ਕੀਤੇ ਗਏ ਮੁੱਖ ਰਿਕਾਰਡਾਂ ’ਚੋਂ 35 ਲੱਖ ਦਾ ਉੱਚ ਪਲੇਸਮੈਂਟ ਪੈਕੇਜ ਵੀ ਸ਼ਾਮਲ ਹੈ ਜੋ ਕਿ ਪੂਰੇ ਉੱਤਰ ਭਾਰਤ ਵਿੱਚ ਸਭ ਤੋਂ ਵੱਧ ਹੈ।