nabaz-e-punjab.com

ਪਿੰਡ ਸਨੇਟਾ ਵਿੱਚ ਕੌਸ਼ਲ ਆਫ਼ ਸਕਿੱਲ ਡਿਵੈਲਪਮਿੰਟ ਇੰਸਟੀਚਿਊਟ ਫ਼ਾਰ ਵਿਮੈਨ ਖੋਲਿਆ ਜਾਵੇਗਾ: ਸਿੱਧੂ

ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ 28 ਜੁਲਾਈ ਨੂੰ ਰੱਖਣਗੇ ਪ੍ਰਾਜੈਕਟ ਦਾ ਨੀਂਹ ਪੱਥਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾ ਸਦਕਾ ਪਿੰਡ ਸਨੇਟਾ ਵਿੱਚ ਕੌਮੀ ਹੁਨਰ ਸਿਖਲਾਈ ਸੰਸਥਾ (ਲੜਕੀਆਂ) ਦਾ ਨੀਂਹ ਪੱਥਰ ਕੇਂਦਰੀ ਮੰਤਰੀ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਧਰਮਿੰਦਰਾ ਪ੍ਰਧਾਨ ਵੱਲੋਂ 28 ਜੁਲਾਈ ਨੂੰ ਰੱਖਿਆ ਜਾਵੇਗਾ। ਇਹ ਸਿਖਲਾਈ ਸੰਸਥਾ 5 ਏਕੜ ਵਿੱਚ 60 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜਦਕਿ ਕੈਬਨਿਟ ਮੰਤਰੀ ਸ੍ਰੀਮਤੀ ਅਰੂਣਾ ਚੌਧਰੀ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਵਿਸ਼ੇਸ ਤੌਰ ਤੇ ਸਮਾਗਮ ਵਿਚ ਸ਼ਿਰਕਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬਲਬੀਰ ਸਿੱਧੂ ਦੇ ਸਿਆਸੀ ਸਕੱਤਰ ਨੇ ਦੱਸਿਆ ਕਿ ਇਹ ਕੌਮੀ ਹੁਨਰ ਸਿਖਲਾਈ ਸੰਸਥਾ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਕਾਫੀ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਦੇ ਪਿੰਡ ਸਨੇਟਾ ਵਿਖੇ ਲੜਕੀਆਂ ਲਈ ਇੱਕ ਸਿਖਲਾਈ ਸੰਸਥਾ ਅਤੇ ਇੱਕ ਡਾਇਰੈਕਟੋਰੇਟ ਐਪਰੈਂਟਸ਼ਿਪ ਸਥਾਪਤ ਕਰਨ ਦੀ ਤਜਵੀਜ ਰੱਖੀ ਗਈ ਸੀ । ਇਹ ਕਿੱਤਾ ਮੁਖੀ ਸਿਖਲਾਈ ਸੰਸਥਾ ਇਸ ਖਿੱਤੇ ਦੀਆਂ ਲੜਕੀਆਂ ਲਈ ਵਰਦਾਨ ਸਾਬਿਤ ਹੋਵੇਗੀ। ਇੱਥੋਂ ਲੜਕੀਆਂ ਮਿਆਰੀ ਤਕਨੀਕੀ ਸਿਖਲਾਈ ਹਾਸਲ ਕਰਕੇ ਆਤਮ ਨਿਰਭਰ ਬਣ ਸਕਣਗੀਆਂ।
ਸ੍ਰੀ ਸ਼ਰਮਾ ਨੇ ਸਨੇਟਾ ਵਿੱਚ ਸਿਖਲਾਈ ਸੰਸਥਾ ਖੋਲ੍ਹਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਖਿੱਤੇ ਵਿੱਚ ਲੜਕੀਆਂ ਲਈ ਅਜਿਹੀ ਸੰਸਥਾ ਦੀ ਘਾਟ ਸੀ ਜੋ ਕਿ ਹੁਣ ਪੁਰੀ ਹੋ ਜਾਵੇਗੀ। ਸ੍ਰੀ ਸ਼ਰਮਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ ਹਰਿਆਲੀ ਤਹਿਤ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਕੇ ਇਲਾਕੇ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਸਿੱਧੂ ਹਲਕੇ ਦੇ ਵਿਕਾਸ ਕਾਰਜਾਂ ਲਈ ਕੋਈ ਦਿੱਕਤ ਨਹੀਂ ਆਉਣ ਦੇਣਗੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ 28 ਜੁਲਾਈ ਨੂੰ ਸਨੇਟਾ ਵਿਖੇ ਕੌਮੀ ਹੁਨਰ ਸਿਖਲਾਈ ਸੰਸਥਾ (ਲੜਕੀਆਂ) ਦਾ ਨੀਂਹ ਪੱਥਰ ਰੱਖਣ ਮੌਕੇ ਕੀਤੇ ਜਾਣ ਵਾਲੇ ਸਮਾਗਮ ਵਿਚ ਵਧ ਚੜ੍ਹੇ ਸ਼ਮੂਲੀਅਤ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…